ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ,
ਸੱਜਣਾਂ ਵੀ ਤੁਰ ਜਾਣਾ।
ਮਿੱਟੀਏ,ਵਾ ਲੱਗਿਆਂ ਉੱਡ ਜਾਣਾ।ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ।ਸਮਾਂ ਬੜਾ ਬਲਵਾਨ ਏ ਤੇ ਲੋਕ ਸਮੇਂ ਦੀਆਂ ਸੂਈਆਂ ਤੇ ਬੈਠੇ ਘੁੰਮੀ ਜਾਂਦੇ ਆ।ਕੱਲ੍ਹ ਕਾਉਣੀ ਚ ਲਗਾਤਾਰ ਪੰਜਵੀਂ ਮੌਤ ਹੋਈ ਤੇ ਲਗਾਤਾਰ ਹੀ ਅੱਜ ਤੀਜਾ ਦਿਨ ਏ ਕਿ ਡੀ.ਜੇ.ਤੇ ਚੱਕਵੇਂ ਗੀਤ ਵੱਜ ਰਹੇ ਆ।ਕਿੰਨਾਂ ਮਾਹੌਲ ਬਦਲ ਗਿਆ,ਸੁਣਿਆ ਸੀ ਕਿ ਪਹਿਲਾਂ ਪਿੰਡ ਚ ਮਰੇ ਦਾ ਮਹੀਨਿਆਂ ਤੱਕ ਸੋਗ ਚਲਦਾ ਸੀ,ਤੇ ਅੱਜ ਸਿਰਫ ਕੁੱਝ ਕੁ ਘੰਟੇ।ਲੋਕ ਇੰਨੇਂ ਅਗਾਂਹਵਧੂ ਹੋ ਗਏ ਯਕੀਨ ਨਹੀਂ ਹੁੰਦਾ।ਪਰ ਰਾਜਨੀਤਿਕਾਂ ਦੀ ਚਾਪਲੂਸੀ ਕਰਨ ਵੇਲੇ ਲੱਗਦਾ ਕਿ ਨਹੀਂ ਲੋਕ ਸਮੇਂ ਦੀ ਚਾਲ ਨਾਲ ਨਹੀਂ ਬਦਲੇ,ਮਾਨਸਿਕਤਾ ਹੀ ਛੋਟੀ ਹੋਈ ਪਈ ਏ।ਵਰਨਾ ਕਿਸੇ ਸ਼ਰੀਕ ਦੇ ਬਲਦੇ ਸਿਵੇ ਲਾਗੇ ਢੋਲ ਕੋਈ ਬੇ-ਗੈਰਤ ਹੀ ਵਜਾ ਸਕਦਾ।ਮੰਨਦੇ ਆਂ ਕਿ ਸਮੇਂ ਅੱਗੇ ਕਿਸੇ ਦੀ ਨਹੀਂ ਚਲਦੀ,ਪਰ ਇਨਸਾਨੀ ਕਦਰਾਂ-ਕੀਮਤਾਂ ਤੇ ਆਪਸੀ ਵਿਸ਼ਵਾਸ ਨੂੰ ਕਾਇਮ ਜਰੂਰ ਰੱਖਿਆ ਜਾ ਸਕਦਾ।ਇਹੀ ਛੋਟੀਆਂ-ਛੋਟੀਆਂ ਗੱਲਾਂ ਉਹਨਾਂ ਮਸਲਿਆਂ ਦਾ ਹੱਲ ਨੇ ਜਿੰਨ੍ਹਾਂ ਨੂੰ ਸੁਲਝਾਉਣ ਲਈ ਅਸੀਂ ਅਣਖਾਂ ਗਹਿਣੇ ਰੱਖ ਕੇ ਲੀਡਰਾਂ ਦੇ ਤਲੇ ਚੱਟਦੇ ਆਂ।
ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ,
ਸੱਜਣਾਂ ਵੀ ਤੁਰ ਜਾਣਾ।
ਮਿੱਟੀਏ,ਵਾ ਲੱਗਿਆਂ ਉੱਡ ਜਾਣਾ।
ਚੰਗੇ-ਮਾੜੇ,ਬੁਰੇ-ਭਲੇ ਸਾਡੇ ਕਰਮ ਆ,ਜਿਹਾ ਬੀਜਣਾ ਤਿਹਾ ਵੱਢਣਾ,ਪਰ ਕਿਸੇ ਦੁਖੀ ਦਿਲ ਨੂੰ ਵਲੂੰਧਰਣਾ ਸਾਨੂੰ ਸ਼ੋਭਾ ਨੀ ਦਿੰਦਾ।ਆਪਣੀ ਖੁਸ਼ੀ ਥੋੜ੍ਹੀ ਘੱਟ ਮਨਾਉਣੀ ਤੇ ਬੇਗਾਨਾ ਦੁੱਖ ਥੋੜ੍ਹਾ ਵੱਧ ਮਨਾਉਣਾ ਇਹੀ ਅਸਲੀ ਇਨਸਾਨੀਅਤ ਏ।ਹੇਠਲੇ ਪੱਧਰ ਤੇ ਰਾਜਨੀਤੀ ਤੋਂ ਦੂਰ ਹੋ ਕੇ ਸੱਭ ਮੁਮਕਿੰਨ ਏ,ਭਾਈਚਾਰਿਕ ਸਾਂਝ ਤੋਂ ਉੱਪਰ ਕੁੱਝ ਵੀ ਨਹੀਂ।ਅਸੀਂ ਪਹਿਲਾਂ ਵੀ ਲਿਖਿਆ ਸੀ- ---ਸਮੇਂ ਦਾ ਚੰਗਾ-ਮਾੜਾ ਗੇੜ ਚਲਦਾ ਰਹਿੰਦਾ,ਅੱਜ ਕਿਸੇ ਤੇ ਕੱਲ੍ਹ ਸਾਡੇ ਤੇ।

::-->> ਗੁਰਲਾਲ ਸਿੰਘ ਕਾਉਣੀ
ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ