
ਭਗਤ ਸਿੰਘ ਦੀ ਸੋਚ ਨਾਲ ਖਿਲਵਾੜ ਹੋਣਾ ਕੋਈ ਨਵੀਂ ਗੱਲ ਨਹੀਂ। ਤਖਤਾਂ ਉੱਪਰ ਕਾਬਜ ਲੋਕ ਜਾਣਦੇ ਹਨ ਕਿ ਜੇ ਭਗਤ ਸਿੰਘ ਦੀ ਅਸਲ ਵਿਚਾਰਧਾਰਾ ਆਮ ਲੋਕਾਂ ਦੇ ਜਿਹਨ ਦਾ ਹਿੱਸਾ ਬਣ ਗਈ ਤਾਂ ਰਾਜਨੀਤੀ ਸਿਰੋਂ ਉਹਨਾਂ ਦਾ ਚਲਦਾ ਤੋਰੀ-ਫੁਲਕਾ ਹਮੇਸ਼ਾ ਹਮੇਸ਼ਾ ਲਈ ਖੁੱਸ ਜਾਵੇਗਾ। ਫਿਰ ਉਹਨਾਂ ਦੇ ਆਪਣੇ ਲੋਲੂ-ਭੋਲੂ ਨਹੀਂ ਸਗੋਂ ਆਮ ਲੋਕਾਂ ਦੇ ਪੁੱਤ ਨੇਤਾ ਬਣ ਜਾਣਗੇ ਤੇ ਉਹਨਾਂ ਨੂੰ ਕਿਸੇ ਨੇ ਬੇਰਾਂ ਵੱਟੇ ਨਹੀਂ ਪਛਾਨਣਾ। ਇਹੀ ਕਾਰਨ ਹੈ ਕਿ ਗੋਰੇ ਅੰਗਰੇਜਾਂ ਤੋਂ ਬਾਦ ਹੁਣ ਸਾਡੇ ਆਪਣੇ ਹੀ 'ਦੇਸੀ ਅੰਗਰੇਜ' ਭਗਤ ਸਿੰਘ ਦੀ ਵਿਚਾਰਧਾਰਾ ਉੱਪਰ ਮਿੱਟੀ ਮੋੜਨ ਦੇ ਆਹਰ 'ਚ ਰੁੱਝੇ ਹੋਏ ਹਨ। ਕਦੇ ਕੋਈ 'ਸਿਆਣਾ' ਆਗੂ ਬਿਆਨ ਦਾਗਦਾ ਹੈ ਕਿ 'ਭਗਤ ਸਿੰਘ ਸਹੀਦ ਹੀ ਨਹੀਂ.' ਕਦੇ ਕੋਈ ਭਗਤ ਸਿੰਘ ਨੂੰ ਸਿੱਖ, ਕਦੇ ਕੋਈ ਹਿੰਦੂ ਮਤ ਵਿੱਚ ਗਲਤਾਨ ਹੋਇਆ ਦੱਸਦਾ ਹੈ ਜਦੋਂਕਿ ਭਗਤ ਸਿੰਘ ਨੇ ਸਪੱਸ਼ਟ ਸ਼ਬਦਾਂ ਵਿੱਚ ਦੱਸਿਆ ਹੈ ਕਿ ਉਹ ਨਾਸਤਿਕ ਸੀ। ਸਿਰਫ ਨਾਸਤਿਕ ਸ਼ਬਦ ਆਪਣੇ ਨਾਲ ਜੋੜ ਲੈਣਾ ਹੀ ਤਾਂ ਭਗਤ ਸਿੰਘ ਦਾ ਗੁਨਾਂਹ ਨਹੀਂ? ਜਿਸਦੇ ਇਵਜ 'ਚ ਭਗਤ ਸਿੰਘ ਨੂੰ ਇਤਿਹਾਸ 'ਚੋਂ ਪਾਸੇ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਕਦੇ ਪੋਸਟਰ ਜਾਰੀ ਹੁੰਦੇ ਹਨ ਜਿਹਨਾਂ 'ਤੇ ਭਗਤ ਸਿੰਘ ਨੂੰ ਕਿਸੇ ਵੈਲੀ ਮੁੰਡੇ ਵਾਂਗ ਮੁੱਛ ਨੂੰ ਵਟ ਚਾੜ੍ਹਦੇ ਦਿਖਾਇਆ ਜਾਂਦਾ ਹੈ, ਕਿਸੇ ਪੋਸਟਰ 'ਚ ਉਸਨੂੰ ਹੱਥ ਪਿਸਤੌਲ ਫੜਾ ਕੇ ਕਤਲੋਗਾਰਦ ਕਰਨ ਲਈ ਕਾਹਲੇ ਨੌਜਵਾਨ ਵਜੋਂ ਪੇਸ਼ ਕੀਤਾ ਜਾਂਦਾ ਹੈ। ਕਦੇ ਭਗਤ ਸਿੰਘ ਦੀ ਫੋਟੋ ਵਾਲੇ ਸਟਿੱਕਰ ਵਿਕਣੇ ਆਉਂਦੇ ਹਨ ਜਿਹਨਾਂ 'ਤੇ ਲਿਖਿਆ ਮਿਲਦਾ ਹੈ ਕਿ
÷ਲੋਹੜਿਆਂ ਦੇ ਸ਼ਰੀਫ ਹਾਂ,
ਸਿਰੇ ਦੇ ਲਫੰਗੇ ਹਾਂ।
ਮਾੜਿਆਂ ਨਾਲ ਮਾੜੇ ਹਾਂ,
ਤੇ ਚੰਗਿਆਂ ਨਾਲ ਚੰਗੇ ਹਾਂ।÷
ਤੇ ਕਦੇ ਭਗਤ ਸਿੰਘ ਨੂੰ ਜੱਟਵਾਦ ਨਾਲ ਜੋੜ ਕੇ 'ਟੈਟੂ' ਬਣਾ ਕੇ ਡੌਲਿਆਂ 'ਤੇ ਉੱਕਰ ਦਿੱਤਾ ਜਾਂਦਾ ਹੈ। ਜਦੋਂਕਿ ਲੋੜ ਭਗਤ ਸਿੰਘ ਦੀਆਂ ਫੋਟੋਆਂ ਦੇ ਗੋਂਦਨੇ ਗੁੰਦਵਾਉਣ ਦੀ ਨਹੀਂ ਸਗੋਂ ਭਗਤ ਸਿੰਘ ਦੇ ਵਿਚਾਰਾਂ ਨੂੰ ਮਨੋਂ ਧਾਰਨ ਕਰਨ ਦੀ ਹੈ। ਅਜੇ ਤੱਕ ਅਜਿਹਾ ਪੋਸਟਰ ਕਦੇ ਵੀ ਵਿਕਣਾ ਨਹੀਂ ਆਇਆ ਜਿਸ ਵਿੱਚ ਭਗਤ ਸਿੰਘ ਨੂੰ ਹਿੱਕ ਨਾਲ ਕਿਤਾਬਾਂ ਲਾਈ ਖੜ੍ਹਾ ਦਿਖਾਇਆ ਗਿਆ ਹੋਵੇ ਜਦੋਂਕਿ ਇਹ ਗੱਲ ਜੱਗ ਜਾਹਿਰ ਹੈ ਕਿ ਭਗਤ ਸਿੰਘ ਆਪਣੀ ਜਿੰਦਗੀ ਦੇ ਆਖਰੀ ਪਲਾਂ 'ਚ ਵੀ ਕਿਤਾਬ ਪੜ੍ਹਨ 'ਚ ਮਸ਼ਰੂਫ ਸੀ। ਭਗਤ ਸਿੰਘ ਦੀਆਂ ਜੱਜਾਂ ਵਕੀਲਾਂ ਨਾਲ ਹੋਈ ਦਲੀਲਬਾਜੀ ਵੀ ਉਸ ਦੇ ਕੀਤੇ ਅਧਿਐਨ ਦੀ ਮੂੰਹੋਂ ਬੋਲਦੀ ਤਸਵੀਰ ਹੈ। ਗਿਆਨ ਵਿਹੂਣਾ ਮਨੁੱਖ ਮੂੰਹ ਵਿੱਚ ਘੁੰਗਣੀਆਂ ਜਰੂਰ ਪਾ ਸਕਦਾ ਹੈ, ਦਲੀਲਬਾਜੀ ਨਾਲ ਗੱਲ ਨਹੀਂ ਕਰ ਸਕਦਾ। ਭਗਤ ਸਿੰਘ ਦਾ ਹੀ ਕਥਨ ਸੀ (ਹੈ) ਕਿ 'ਅਧਿਐਨ ਕਰ ਤਾਂ ਕਿ ਤੂੰ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕੇਂ...।' ਪਰ ਸੋਚਣ ਵਾਲੀ ਗੱਲ ਹੈ ਕਿ ਦੂਜਿਆਂ ਨੂੰ ਅਧਿਐਨ ਕਰਨ ਦੀਆਂ ਮੱਤਾਂ ਦੇਣ ਵਾਲੇ ਉਸ ÷ਪਰਮਗੁਣੀ ਭਗਤ ਸਿੰਘ÷ ਨੂੰ ਕਿਉਂ ਇੱਕ ਕਾਤਲ,ਵੈਲੀ ਜਾਂ ਲਫੰਗਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ? ਕਿਉਂ.. ਕਿਉਂ?
ਇਸਦਾ ਜਵਾਬ ਸ਼ਾਇਦ ਇਹੀ ਹੋਵੇਗਾ ਕਿ ਜੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਹੂਬਹੂ ਲਾਗੂ ਕਰਨ ਦੀ ਕੋਈ ਵੀ ਸਰਕਾਰ 'ਗਲਤੀ' ਕਰਦੀ ਹੈ ਤਾਂ ਉਸਦਾ ਫਾਇਦਾ ਸਿੱਧੇ ਤੌਰ 'ਤੇ ਦੱਬੀ ਕੁਚਲੀ ਜਨਤਾ ਨੂੰ ਹੋਵੇਗਾ ਜਦੋਂਕਿ ਅਸਿੱਧੇ ਤੌਰ 'ਤੇ ਖਮਿਆਜਾ ਕੁਰਸੀਆਂ ਵੱਲ ਕੁੱਤੇਝਾਕ ਲਾਈ ਬੈਠੇ ਰਾਜਨੀਤਕ ਪਰਿਵਾਰਾਂ ਨੂੰ ਭੁਗਤਣਾ ਪਵੇਗਾ। ਕਿਉਂਕਿ ਅੰਗਰੇਜਾਂ ਤੋਂ ਬਾਦ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ 'ਤੇ ਹੁਣ ਦੇਸੀ ਅੰਗਰੇਜਾਂ ਦੇ ਹੀ 'ਕਾਕੇ' ਪਲਦੇ ਹਨ। ਜੇ ਭਗਤ ਸਿੰਘ ਦੀ ਸੋਚ ਦੇ ਹਾਣ ਦਾ ਸਮਾਜ ਸਿਰਜਣ ਦੀ ਗੱਲ ਤੁਰਦੀ ਹੈ ਤਾਂ ਗਾਂਧੀਆਂ, ਅਬਦੁੱਲਿਆਂ, ਬਾਦਲਾਂ, ਕੈਪਟਨਾਂ ਦੇ ਪੁੱਤ ਪੋਤਰੇ ਪਿਤਾ ਪੁਰਖੀ ਕੁਰਸੀਆਂ 'ਤੇ ਰਾਜ ਨਹੀਂ ਕਰ ਸਕਣਗੇ ਸਗੋਂ ਲੋਕਾਂ ਦੇ ਪੁੱਤ ਉਹਨਾਂ ਕੁਰਸੀਆਂ 'ਤੇ ਚੜ੍ਹ ਸਕਦੇ ਹਨ। ਸਮਾਜਿਕ ਨਾ-ਬਰਾਬਰੀ ਵਾਲੇ ਖੁਸ਼ਹਾਲ ਸਮਾਜ ਵਿੱਚ ਹਰ ਕਿਸੇ ਕੋਲ ਰੁਜਗਾਰ ਹੋਵੇਗਾ, ਵਿੱਦਿਅਕ ਪੱਖੋਂ ਹਰ ਕੋਈ ਪੂਰਾ ਸੂਰਾ ਹੋਵੇਗਾ। ਕਿਸੇ ਜੁਆਕ ਦੇ ਹੱਥ ਹੋਟਲਾਂ 'ਤੇ ਜੂਠੇ ਭਾਂਡੇ ਮਾਂਜਣ 'ਚ ਨਹੀਂ ਸਗੋਂ ਕਿਤਾਬਾਂ ਜਾ ਖਿਡੌਣਿਆਂ ਨਾਲ ਚਿੱਤ ਪਰਚਾਉਣ ਦੇ ਕਾਬਲ ਹੋਣਗੇ। ਬਾਲਗ ਨੌਜਵਾਨ ਰੁਜਗਾਰ ਨਾ ਮਿਲਣ ਦੀਆਂ ਚਿੰਤਾਵਾਂ 'ਚ ਫਸ ਕੇ ਨਸ਼ਿਆਂ ਦੀ ਦਲਦਲ 'ਚ ਫਸਣ ਨਾਲੋਂ ਖੁਸ਼ਹਾਲ ਜੀਵਨ ਜਿਉਣ ਵੱਲ ਧਿਆਨ ਦੇਣਗੇ। ਬਜੁਰਗ ਬੁਢਾਪੇ ਨੂੰ ਸ਼ਰਾਪ ਵਾਂਗ ਹੰਢਾਉਂਦੇ ਬੁਢਾਪਾ ਪੈਨਸ਼ਨਾਂ ਲਈ ਦਰ ਦਰ ਦੀਆਂ ਠੋਕਰਾਂ ਨਹੀਂ ਖਾਣਗੇ। ਭਵਿੱਖ ਦੀ ਸਾਫ ਨਜਰ ਪੈਂਦੀ ਤਸਵੀਰ ਨੂੰ ਹਕੀਕਤ 'ਚ ਕੋਈ ਵੀ ਸਿਆਸੀ ਆਗੂ ਬਦਲਦੀ ਨਹੀਂ ਦੇਖਣੀ ਚਾਹੁੰਦਾ। ਇਹੀ ਵਜ੍ਹਾ ਹੈ ਕਿ ਸਭ ਭਗਤ ਸਿੰਘ ਨੂੰ ਲੋਕ ਮਨਾਂ 'ਚ ਪ੍ਰਵੇਸ਼ ਪਾਉਣੋਂ ਰੋਕਣ ਲਈ ਆਪਣਾ ਬਣਦਾ ਜੋਰ ਲਾ ਰਹੇ ਹਨ। ਇਸੇ ਅੰਦਰੇ ਅੰਦਰ ਬੁਣੀ ਜਾ ਰਹੀ ਬੁਣਤੀ ਦਾ ਹੀ ਹਿੱਸਾ ਹੈ ਕਿ ਜਿਹੜੇ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ 31 ਮਾਰਚ ਦੇ ਦਿਨ ਨਾਲ ਲੰਮੇ ਸਮੇਂ ਤੋਂ ਜੁੜੀ ਹੋਈ ਸੀ, ਉਹ ਨਿਲਾਮੀ ਵੀ ਹੁਣ 23 ਮਾਰਚ ਨੂੰ ਹੋਣੀ ਦੱਸੀ ਜਾ ਰਹੀ ਹੈ। ਇਹ ਉਹੀ ਤੇਈ ਮਾਰਚ ਹੈ ਜਿਸ ਦਿਨ ਲੋਕ ਆਪਣੇ ਮਹਿਬੂਬ 'ਪਰਮਗੁਣੀ ਸ਼ਹੀਦ ਭਗਤ ਸਿੰਘ' ਨੂੰ ਯਾਦ ਕਰਨਗੇ।
ਭਗਤ ਸਿੰਘ ਨੂੰ ਲੋਕ ਮਨਾਂ 'ਚੋਂ ਪਾਸੇ ਕਰਨ ਵੱਲ ਤੁਰੇ ਕਦਮਾਂ 'ਚੋਂ ਹੀ ਇੱਕ ਕਦਮ ਇਹ ਹੈ ਕਿ ਪੰਜਾਬ ਦੇ ਲੋਕ ਭਗਤ ਸਿੰਘ ਦੇ ਸ਼ਹੀਦੀ ਦਿਨ ਨੂੰ ਮਨਾਉਣ ਨਾਲੋਂ ਸਸਤੀ ਸ਼ਰਾਬ ਖਰੀਦਣ ਲਈ ਵਧੇਰੇ ਲਟਾਪੀਂਘ ਹੋਏ ਨਜਰ ਆਉਣਗੇ। ਪੰਜਾਬ ਵਿੱਚ ਰਣਜੀਤ ਸਿੰਘ ਵਰਗਾ ਰਾਜ ਦੇਣ ਦੀਆਂ ਟਾਹਰਾਂ ਮਾਰਨ ਵਾਲੇ ਪਿਉ ਪੁੱਤ ਦੀ ਸਰਕਾਰ ਨੂੰ ਸ਼ਾਬਾਸ਼ ਦੇਣੀ ਬਣਦੀ ਹੈ ਜੋ ਉਸ ਅਧਿਐਨ ਪਸੰਦ ਲੋਕ ਨਾਇਕ ਦੇ ਸ਼ਹੀਦੀ ਦਿਨ 'ਤੇ ਲੋਕਾਂ ਨੂੰ 'ਸਿਆਣੇ' ਕਰਨ ਨਾਲੋਂ ਸਸਤੀ ਸ਼ਰਾਬ ਦੀ ਲੋਰ 'ਚ ਮਸਤ ਹੋਣ ਦਾ ਇੰਤਜਾਮ ਕਰ ਰਹੀ ਹੈ। ਫੈਸਲਾ ਲੋਕਾਂ ਨੇ ਕਰਨਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਚਾਲਾਂ ਨੂੰ ਕਿੱਥੋਂ ਕੁ ਤੱਕ ਕਾਮਯਾਬ ਹੋਣ ਦਿੰਦੇ ਹਨ ਜਾਂ ਫਿਰ ਭਗਤ ਸਿੰਘ ਦੀ ਸੋਚ ਦੇ ਹਾਣ ਦਾ ਸਮਾਜ ਸਿਰਜਣ ਦੇ ਰਾਹ ਤੁਰਦੇ ਹਨ। ਅੰਤ ਵਿੱਚ ਭਗਤ ਸਿੰਘ ਦੇ ਕਥਨ ਨਾਲ ਇਜਾਜਤ ਚਾਹਾਗਾ ਕਿ ÷ ਗਰੀਬਾਂ ਨੂੰ ਦਾਨ ਦੇਣ ਦੀ ਬਜਾਏ ਅਜਿਹਾ ਸਮਾਜ ਸਿਰਜੋ, ਜਿੱਥੇ ਨਾ ਗਰੀਬ ਹੋਣ ਨਾ ਦਾਨੀ।÷ ਪਰ ਸਮਾਜ ਨੂੰ ਇਹਨਾਂ ਹਾਲਾਤਾਂ ਤੱਕ ਪਹੁੰਚਣੋਂ ਰੋਕਣ ਵਾਲਿਆਂ ਦਾ ਵੀ ਧੁੰਨੀ ਤੱਕ ਜੋਰ ਲੱਗਿਆ ਹੋਇਆ ਹੈ। ਦੇਖਣਾ ਹੈ ਕਿ ਸ਼ਹੀਦ ਦੇ ਵਾਰਸ ਆਪਣੇ ਮਕਸਦ ਵਿੱਚ ਕਾਮਯਾਬ ਹੁੰਦੇ ਹਨ ਜਾਂ ਫਿਰ ਲੋਕਾਂ ਨੂੰ ਬੁੱਧੂ ਬਣਾ ਕੇ ਆਪਣਾ ਤੋਰੀ-ਫੁਲਕਾ ਚਲਾਉਣ ਵਾਲੇ ਨੇਤਾਗਣ...।
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
Mob.- 0044 (0) 75191 12312
E mail:- khurmi13deep@yahoo.in
Mob.- 0044 (0) 75191 12312
E mail:- khurmi13deep@yahoo.in