ਮੈਨੂੰ ਵੀ ਕੁੜੀਆਂ ਦੇ ਸੁਪਨੇ ਆਉਂਦੇ ਨੇ)
ਮੇਰੇ ਵੀ ਅਰਮਾਨ ਤਿਲਕਦੇ ਜਾਂਦੇ ਨੇ
ਮੈਨੂੰ ਵੀ ਕੁੜੀਆਂ ਦੇ ਸੁਪਨੇ ਆਉਂਦੇ ਨੇ..............
ਰਾਤ ਜੋ ਮੇਰੇ ਸੁਪਨੇ ਦੇ ਵਿੱਚ ਆਈ ਸੀ
ਲੀੜਿਆਂ ਵਿੱਚੋਂ ਦਿੰਦੇ ਅੰਗ ਦਿਖਾਈ ਸੀ
ਨੀਤ ਮੇਰੀ ਬਦਨੀਤ ਹੋਣ ਤੇ ਆਈ ਸੀ
ਮਰ ਜਾਣੀ ਮਜ਼ਬੂਰ ਜਿਹਾ ਮੁਸਕਾਈ ਸੀ
ਨਾ ਬਿਪਾਸ਼ਾ, ਮੱਲਿਕਾ ਜਿਹੀ ਕੋਈ ਮਾਡਲ ਸੀ
ਮੰਗਤੀ ਸੀ ਉਹ ਕਿਸੇ ਹਮ੍ਹਾਤੜ ਜਾਈ ਸੀ
ਕੁੱਛੜ ਉਹਦੇ ਜੁਆਕ ਸਤਾਇਆ ਭੁੱਖ ਦਾ ਸੀ
ਕੀ ਇਹ ਮੁਲਕ ਮਹਾਨ ਹੈ ਮੁੜ-2 ਪੁੱਛਦਾ ਸੀ
ਇਹ ਤੜਫਦੇ ਲੋਕ ਬੜਾ ਤੜਫਾਉਂਦੇ ਨੇ
ਮੈਨੂੰ ਵੀ ਕੁੜੀਆਂ ਦੇ ਸੁਪਨੇ ਆਉਂਦੇ ਨੇ......
ਲੈ ਜਾਹ ਪੰਡ ਚਰ੍ਹੀ ਦੀ ਖੇਤੋਂ ਵੱਢਕੇ ਨੀਂ
ਆਵਾਂਗਾ ਮੋਟਰ ਸੈਕਲ ਤੇ ਛੱਡ ਕੇ ਨੀਂ
ਕਿਉਂ ਘਬਰਾਉਂਦੀ ਡਰ ਨਾ ਤੂੰ ਭਰਜਾਈਏ ਨੀਂ
ਆ ਜਾਇਆ ਕਰ ਹਰ ਦੂਜਾ ਦਿਨ ਛੱਡ ਕੇ ਨੀਂ
ਮੋਟਰ ਤੇ ਪਲੰਘ ਨਵਾਰੀ ਚੂਲ਼ਾਂ ਛੱਡ ਗਿਆ ਏ
ਪਰ ਸੀਬੋ ਦੀਆਂ ਮੱਝਾਂ ਦਾ ਦੁੱਧ ਵਧ ਗਿਆ ਏ
ਐਵੇਂ ਤੇ ਨਹੀਂ ਜੈਲਦਾਰ ਅਖਵਾਉਂਦੇ ਨੇ
ਮੈਨੂੰ ਵੀ ਕੁੜੀਆਂ ਦੇ ਸੁਪਨੇ ਆਉਂਦੇ ਨੇ........
ਦੂਰੋਂ ਵੇਖ ਕੁੜੀਆਂ ਦਾ ਟੋਲਾ ਆਇਆ ਸੀ
ਜੀਨ ਘੁੱਟਵੀਂ ਟਾਪ ਵੀ ਘੁੱਟਵਾਂ ਪਾਇਆ ਸੀ
ਪਾਉਡਰ ਸੈਂਟ ਕਿਆ ਬਾਤਾਂ, ਜੈੱਲ ਵੀ ਲਾਇਆ ਸੀ
ਪਰ ਮੈਂ ਅਪਣੀ ਐਨਕ ਘਰ ਭੁੱਲ ਆਇਆ ਸੀ
ਗੋਲ-ਮੋਲ ਪੱਟ, ਹਿੱਕ ਉੱਭਰਵੀਂ ਚੋਹਾਂ ਦੀ
ਇੱਕ ਜਣੀ ਮੈਨੂੰ ਧਾਹ ਜੱਫਾ ਜਿਹਾ ਪਾਇਆ ਸੀ
ਡੈਡੀ ਜੀ ਤੁਸੀਂ ਕਿੱਧਰ ਸੁਤਾ ਟਿਕਾਈਆਂ ਨੇ
ਵੇਖੋ ਸਹੇਲੀਆਂ ਮਿਲਣ ਤੁਹਾਨੂੰ ਆਈਆਂ ਨੇ
ਪਰ ਡੈਡੀ ਜੀ ਲਾਹਣਤ ਖੁਦ ਨੂੰ ਪਾਉਂਦੇ ਨੇ
ਮੈਨੂੰ ਵੀ ਕੁੜੀਆਂ ਦੇ ਸੁਪਨੇ ਆਉਂਦੇ ਨੇ.............
ਬਾਤ ਕਰਾਂ ਨਾ ਅਰਸ਼ੋਂ ਉੱਤਰੀਆਂ ਹੂਰਾਂ ਦੀ
ਸੜਕ ਤੇ ਰੋੜੀ ਕੁੱਟ ਰਹੀਆਂ ਮਜ਼ਦੂਰਾਂ ਦੀ
ਕੂੜੇ ਵਿੱਚੋਂ ਭਵਿੱਖ ਤਲਾਸ਼ਣ ਵਾਲੀਆਂ ਦੀ
ਆਪੇ ਜੰਮ ਕੇ ਆਪੇ ਪਲ਼ ਜਾਣ ਵਾਲੀਆਂ ਦੀ
ਜੋ ਸ਼ੀਸ਼ੇ ਦੇ ਘਰਾਂ ਦੇ ਅੰਦਰ ਰਹਿੰਦੀਆਂ ਨੇ
ਠੁਮਕਾ ਲਾਉਣ ਦਾ ਲੱਖ ਰੁਪਈਆ ਲੈਂਦੀਆਂ ਨੇ
ਜੋ ਨੀਲੀ ਛੱਤ ਦੇ ਹੇਠ੍ਹ ਗੁਜ਼ਾਰਾ ਕਰਦੀਆਂ ਨੇ
ਦਸਾਂ ਰੁਪਈਆਂ ਖਾਤਰ ਲੜ-ਲੜ ਮਰਦੀਆਂ ਨੇ
ਜਿਨ੍ਹਾਂ ਦੇ ਖੀਸੇ ਗਾਂਧੀ ਜੀ ਮੁਸਕਾਉਂਦੇ ਨੇ
ਦਸਾਂ ਰੁਪਈਆਂ 'ਚ ਰਾਤ ਰੱਖਣ ਲੈ ਜਾਂਦੇ ਨੇ
ਲੋਕ ਤੰਤਰ ਦਾ ਨਿੱਤ ਮਜ਼ਾਕ ਉਡਾਉਂਦੇ ਨੇ
ਮੈਨੂੰ ਵੀ ਕੁੜੀਆਂ ਦੇ ਸੁਪਨੇ ਆਉਂਦੇ ਨੇ

(ਭਲੇ ਵੇਲਿਆਂ 'ਚ ਲਿਖੇ ਗੀਤ -ਸੁਰਜੀਤ ਗੱਗ)