Skip to main content

ਮੈਂ ਭਗਤ ਸਿੰਘ ਬੋਲਦਾਂ : ਸੁਰਜੀਤ ਗੱਗ


23 ਮਾਰਚ 1931 ਨੂੰ ਮੈਨੂੰ ਇਸ ਲਈ ਫਾਂਸੀ ਲਾਇਆ ਗਿਆ ਸੀ ਕਿ ਆਮ ਲੋਕਾਂ ਨੂੰ ਕੀੜੇ-ਮਕੌੜੇ ਸਮਝਣ ਵਾਲੀ ਰਾਜਾਸ਼ਾਹੀ/ਸਥਾਪਤੀ ਵਿਰੁੱਧ ਮੈਂ ਬਗਾਵਤ ਕੀਤੀ ਸੀ। ਬਾਗੀਆਂ ਨੂੰ ਗੋਲ਼ੀ ਨਾਲ ਉਡਾਇਆ ਜਾਂਦਾ ਹੈ, ਪਰ ਮੈਨੂੰ ਫਾਂਸੀ ਹੀ ਦਿੱਤੀ ਗਈ। ਫਾਂਸੀ, ਜੋ ਮੇਰੇ ਨਾਮ ਨਾਲ ਜੁੜ ਕੇ ਅਮਰ ਹੋ ਗਈ। ਮੈਨੂੰ ਫਾਂਸੀ ਲਾਇਆ ਜਾਣਾ ਅੰਗ੍ਰੇਜ਼ ਹਕੂਮਤ ਦੀ ਚਾਲ ਸੀ ਕਿ ਸ਼ਾਇਦ ਕ੍ਰਾਂਤੀਕਾਰੀ ਇਸ ਅਮਲ ਤੋਂ ਬਾਅਦ ਡਰ ਕੇ ਅੰਦਰ ਵੜ ਜਾਣਗੇ। ਪਰ ਇਹੋ ਫਾਂਸੀ ਉਨ੍ਹਾਂ ਦੇ ਗਲ਼ੇ ਦਾ ਫੰਦਾ ਬਣ ਗਈ ਜਦੋਂ ਮੈਨੂੰ ਫਾਂਸੀ ਲਾਏ ਜਾਣ ਦੇ ਅਮਲ ਤੋਂ ਬਾਅਦ ਆਜ਼ਾਦੀ ਦੀ ਜਵਾਲਾ ਹੋਰ ਭੜਕ ਉੱਠੀ। ਅੰਗ੍ਰੇਜ਼ ਹਕੂਮਤ ਨੂੰ ਧੁੜਕੂ ਲੱਗਾ ਸੀ ਕਿ ਜਿਵੇਂ ਇਹ ਕ੍ਰਾਂਤੀਕਾਰੀ, ਗਾਂਧੀਵਾਦੀ ਅੰਦੋਲਨਾਂ ਤੋਂ ਪਾਸਾ ਵੱਟ ਕੇ ਸਿੱਧੇ ਟੱਕਰ ਲੈਣ ਲੱਗ ਪਏ ਹਨ, ਉਸ ਨਾਲ ਉਨ੍ਹਾਂ ਦਾ ਏਥੇ ਬਹੁਤਾ ਚਿਰ ਟਿਕੇ ਰਹਿਣਾ ਮੁਨਾਸਿਬ ਨਹੀਂ। ਅੰਗ੍ਰੇਜ਼ ਹਕੂਮਤ ਦੇ ਕੰਨ ਖੋਲ੍ਹਣ ਲਈ ਮੈਂ ਤੇ ਬੁਟਕੇਸ਼ਵਰ ਦੱਤ ਨੇ ਅਸੰਬਲੀ ਵਿੱਚ ਬੰਬ ਸੁੱਟਿਆ ਸੀ। ਏਸ ਧਮਾਕੇ ਨਾਲ ਉਨ੍ਹਾਂ ਦੇ ਕੰਨ ਹੀ ਨਹੀਂ ਸਨ ਖੁੱਲ੍ਹੇ, ਅੱਖਾਂ ਵੀ ਖੁੱਲ੍ਹ ਗਈਆਂ ਸਨ। ਸਾਡਾ ਮਕਸਦ ਕਿਸੇ ਨੂੰ ਮਾਰਨਾ ਜਾਂ ਜ਼ਖ਼ਮੀ ਕਰਨਾ ਜਾਂ ਦਹਿਸ਼ਤ ਪੈਦਾ ਕਰਨਾ ਨਹੀਂ ਸੀ, ਅਪਣੀ ਗੱਲ ਸਮਾਜ ਮੂਹਰੇ ਰੱਖਣਾ ਸੀ, ਅਪਣੀ ਹੋਂਦ ਦਾ ਅਹਿਸਾਸ ਕਰਵਾਉਣਾ ਸੀ, ਅਪਣੇ ਇਰਾਦਿਆਂ ਨੂੰ ਸਪੱਸ਼ਟ ਕਰਨਾ ਸੀ ਸਾਡਾ ਮਕਸਦ। ਅਸੀਂ ਇਸ ਵਿੱਚ ਕਾਮਯਾਬ ਵੀ ਹੋਏ। ਇਸੇ ਲਈ ਸਦੀਆਂ ਤੋਂ ਸਥਾਪਿਤ ਹੋਈ ਹਕੂਮਤ, ਮਾਰਚ 1931 ਤੋਂ ਬਾਅਦ ਅਪਣਾ ਬੋਰੀਆ-ਬਿਸਤਰਾ ਸਮੇਟਣ ਬਾਰੇ ਸੋਚਣ ਲੱਗ ਪਈ। ਅਤੇ ਸਿਰਫ਼ 16 ਕੁ ਸਾਲਾਂ ਵਿੱਚ ਹੀ ਏਥੋਂ 1947 ਵਿੱਚ ਰਫ਼ੂਚੱਕਰ ਹੋ ਗਏ। ਬੇਸ਼ੱਕ 1947 ਤੋਂ ਬਾਅਦ ਅੰਗ੍ਰੇਜ਼ ਚਲੇ ਗਏ, ਉਨ੍ਹਾਂ ਨੇ ਭਾਰਤ ਛੱਡ ਦਿੱਤਾ, ਇਸ ਦੇ ਟੁਕੜੇ ਵੀ ਕਰ ਦਿੱਤੇ, ਫਿਰਕੂ ਜ਼ਹਿਰ ਘੋਲ਼ ਕੇ ਨਫ਼ਰਤਾਂ ਵੀ ਬੀਜ ਦਿੱਤੀਆਂ, ਪਰ ਕੀ ਦੇਸ਼ ਮੁਕੰਮਲ ਆਜ਼ਾਦ ਹੋ ਗਿਆ ਹੈ? ਸਾਡੀ ਕ੍ਰਾਂਤੀਕਾਰੀਆਂ ਦੀ ਨਜ਼ਰ ਵਿੱਚ ਅੰਗ੍ਰੇਜ਼ ਅਜੇ ਵੀ ਏਥੇ ਹੀ ਕਾਬਜ਼ ਹਨ। ਉਹ ਗਏ ਨਹੀਂ ਉਨ੍ਹਾਂ ਨੇ ਚੋਲ਼ਾ ਹੀ ਬਦਲਿਆ ਹੈ, ਮੁਖੌਟਾ ਹੀ ਬਦਲਿਆ ਹੈ। ਅਸੀਂ ਕ੍ਰਾਂਤੀਕਾਰੀ ਤਾਂ ਕਦੇ ਨਸਲਵਾਦੀ ਹੋਏ ਹੀ ਨਹੀਂ। ਅੰਗ੍ਰੇਜ਼ ਹੀ ਨਹੀਂ, ਉਨ੍ਹਾਂ ਦੇ ਚਮਚੇ ਵੀ ਸਾਡੀਆਂ ਨਜ਼ਰਾਂ ਵਿੱਚ ਓਨੇ ਹੀ ਰੜਕਦੇ ਸਨ, ਜਿੰਨੇ ਕਿ ਉਹ। ਅਸੀਂ ਭਾਰਤ ਦੇਸ਼ ਹੀ ਨਹੀਂ, ਏਥੋਂ ਦੇ ਲੋਕਾਂ ਨੂੰ ਵੀ ਖੁਸ਼ਹਾਲ ਵੇਖਣ ਦਾ ਸੁਪਨਾ ਬੀਜਿਆ ਸੀ। ਡਾ. ਭੀਮ ਰਾਓ ਅੰਬੇਦਕਰ ਦੇ ਸੁਹਿਰਦ ਯੱਤਨਾਂ ਸਦਕਾ ਭਾਰਤੀ ਸੰਵਿਧਾਨ ਵੀ 26 ਜਨਵਰੀ 1950 ਨੂੰ ਲਾਗੂ ਕਰ ਦਿੱਤਾ ਗਿਆ, ਜਿਸ ਵਿੱਚ ਬਰਾਬਰੀ ਦਾ ਅਧਿਕਾਰ ਮੁਢਲੇ ਸੱਤ ਜ਼ਰੂਰੀ ਅਧਿਕਾਰਾਂ ਵਿੱਚ ਸ਼ਾਮਿਲ ਹੈ। ਬਰਾਬਰੀ ਦਾ ਅਧਿਕਾਰ ਕਾਨੂੰਨ ਹੈ। ਪਰ ਕੀ ਤੁਸੀਂ ਕਿਸੇ ਮੰਗਤੀ ਨੂੰ, ਸੜਕਾਂ ਕਿਨਾਰੇ ਰਾਤਾਂ ਕੱਟਣ ਵਾਲੇ, ਫਾਕੇ ਕੱਟਣ ਵਾਲੇ ਲੋਕਾਂ ਨੂੰ ਇਸ ਦੇਸ਼ ਦੇ ਵਾਸੀ ਨਹੀਂ ਸਮਝਦੇ? ਜੇ ਹਾਂ ਤਾਂ ਉਹ ਤੁਹਾਡੇ ਹਮਵਤਨੀ ਨੇ, ਤੁਹਾਡਾ ਉਨ੍ਹਾਂ ਨਾਲ ਇੱਕ ਰਿਸ਼ਤਾ ਹੈ, ਸਾਂਝ ਹੈ। ਜੋ ਰਿਸ਼ਤਾ ਤੁਹਾਡਾ ਓਸ ਗਰੀਬ ਦੁਖਿਆਰੀ ਮੰਗਤੀ ਨਾਲ ਹੈ, ਉਹੀ ਰਿਸ਼ਤਾ ਤੁਹਾਡਾ, ਅਪਣੀ ਪਤਨੀ ਨੂੰ ਜਨਮਦਿਨ ਦੇ ਤੋਹਫ਼ੇ ਵਜੋਂ 25 ਕਰੋੜ ਦਾ ਹੈਲੀਕਾਪਟਰ ਦੇਣ ਵਾਲੇ ਅਰਬਪਤੀ ਲਕਸ਼ਮੀ ਮਿੱਤਲ ਨਾਲ ਹੈ, ਉਹੀ ਰਿਸ਼ਤਾ 400 ਕਰੋੜ ਦੇ ਘਪਲੇ ਕਰਨ ਵਾਲੇ ਮਧੂ ਕੋਡਾ ਨਾਲ ਹੈ, ਉਹੀ ਰਿਸ਼ਤਾ ਪ੍ਰਕਾਸ਼ ਸਿੰਘ ਬਾਦਲ ਨਾਲ ਹੈ ਤੇ ਉਹੀ ਰਿਸ਼ਤਾ ਮਨਮੋਹਨ ਸਿੰਘ ਨਾਲ ਹੈ। ਕੀ ਤੁਹਾਨੂੰ ਏਸ ਰਿਸ਼ਤੇਦਾਰੀ ਉੱਤੇ ਮਾਣ ਮਹਿਸੂਸ ਹੁੰਦਾ ਹੈ? ਕੀ ਤੁਹਾਡੇ ਇਹ ਦੋਵੇਂ ਰਿਸ਼ਤੇਦਾਰ ਆਹਮੋ-ਸਾਹਮਣੇ ਬੈਠ ਕੇ ਇੱਕੋ ਮੇਜ਼ ਤੇ ਰੋਟੀ ਖਾ ਸਕਦੇ ਹਨ? ਮੈਂ ਇਹ ਸਵਾਲ ਕਿਸੇ ਹੋਰ ਨੂੰ ਨਹੀਂ ਪੁੱਛ ਰਿਹਾ, ਤੁਹਾਨੂੰ ਉਨ੍ਹਾਂ ਨੌਜਵਾਨਾਂ ਨੂੰ ਪੁੱਛ ਰਿਹਾ ਹਾਂ ਜੋ ਮੇਰੇ ਰਿਸ਼ਤੇਦਾਰ ਹੋਣ ਦਾ ਦਮ ਭਰਦੇ ਹਨ। ਮੇਰੇ ਵਰਗੀ ਪੱਗ ਵੀ ਬੰਨ੍ਹਦੇ ਹਨ ਤੇ ਮੈਨੂੰ ਅਪਣਾ ਹੀਰੋ ਵੀ ਸਮਝਦੇ ਹਨ।ੱ ਮੈਨੂੰ ਯਾਦ ਹੈ ਜਦੋਂ ਪਿਛਲੇ ਦਿਨੀਂ ਭਾਰਤੀ ਕ੍ਰਿਕਟ ਟੀਮ ਮੈਚ ਜਿੱਤ ਕੇ ਵਾਪਸ ਵਤਨ ਪਰਤੀ ਸੀ ਤਾਂ ਉਸ ਦਾ ਏਥੋਂ ਦੇ ਕਾਰੋਬਾਰੀ ਘਰਾਣਿਆਂ (ਕਿਤਰ ਦੇ ਲੁਟੇਰਿਆਂ) ਨੇ ਸ਼ਾਹੀ ਸਵਾਗਤ ਕੀਤਾ ਸੀ ਅਤੇ ਸ਼ਾਹੀ ਦਾਅਵਤ ਦਿੱਤੀ ਸੀ। ਜੇ ਕਿਸੇ ਧੋਨੀ ਨੂੰ ਮੀਟ-ਮੁਰਗਾ ਪਸੰਦ ਹੈ ਤਾਂ ਓਸ 'ਕੱਲ੍ਹੇ ਵਾਸਤੇ 80 ਪ੍ਰਕਾਰ ਦੇ ਮੀਟ-ਮੁਰਗੇ ਹੀ ਤਿਆਰ ਕੀਤੇ ਗਏ ਸਨ ਤੇ ਜੇ ਕਿਸੇ ਸਚਿਨ ਨੂੰ ਗੋਭੀ-ਮਟਰ ਪਸੰਦ ਸੀ ਤਾਂ ਓਸ ਵਾਸਤੇ 80 ਪ੍ਰਕਾਰ ਦੇ ਗੋਭੀ ਮਟਰਾਂ ਦੇ ਵਿਅੰਜਨ ਤਿਆਰ ਕੀਤੇ ਗਏ ਸਨ ਅਤੇ ਇਹ ਏਥੋਂ ਦੇ ਟੈਲੀਵਿਯਨਾਂ ਵਿੱਚ ਵਿਖਾਇਆ ਗਿਆ ਸੀ। ਇਨ੍ਹਾਂ ਖਿਡਾਰੀਆਂ ਨੇ ਖਾਣਾ ਭਾਵੇਂ ਪਾਈਆ ਵੀ ਨਹੀਂ ਸੀ ਖਾਧਾ, ਪਰ ਅਮੀਰ ਘਰਾਣਿਆਂ ਅਤੇ ਟੈਲੀਵਿਯਨਾਂ ਨੇ ਉਨ੍ਹਾਂ 50-60 ਕਰੋੜ ਗਰੀਬ ਲੋਕਾਂ ਦਾ ਮਜ਼ਾਕ ਜ਼ਰੂਰ ਉਡਾਇਆ ਸੀ, ਜੋ ਇੱਕ ਡੰਗ ਦੀ ਰੋਟੀ ਲਈ ਵੀ ਬੇਜ਼ਾਰ ਹਨ। ਇਨ੍ਹਾਂ ਟੈਲੀਵਿਯਨਾਂ ਨੇ ਕਦੇ ਵੱਡੇ ਹੋਟਲ ਦੇ ਬਾਹਰ ਜੂਠ ਉੱਤੇ ਝਪਟਦੇ ਲਾਚਾਰ ਇਨਸਾਨਾਂ ਦੀ ਕਦੇ ਖਬਰ ਨਹੀਂ ਬਣਾਈ। ਕਿਉਂਕਿ ਇਨ੍ਹਾਂ ਦੀ ਰਿਸ਼ਤੇਦਾਰੀ/ਲਿਹਾਜ ਵੀ ਉਨ੍ਹਾਂ ਅਮੀਰ ਘਰਾਣਿਆਂ ਨਾਲ ਹੈ, ਜਿਨ੍ਹਾਂ ਦੇ ਸਿਰ ਤੇ ਇਨ੍ਹਾਂ ਨੇ ਰੋਟੀ ਦੇ ਨਾਲ-ਨਾਲ ਬਹੁਤ ਕੁੱਝ ਖਾਣਾ ਹੁੰਦਾ ਹੈ। ਮੈਨੂੰ ਬਹੁਤ ਅਫ਼ਸੋਸ ਹੁੰਦਾ ਹੈ ਕਿ ਮੈਂ ਫ਼ਾਂਸੀ ਤੋਂ ਬਚਣ ਲਈ ਅਪੀਲ ਕਿਉਂ ਨਹੀਂ ਪਾਈ। ਕਮ-ਸੇ-ਕਮ ਮੈਂ ਅਜੋਕੇ ਅੰਗ੍ਰੇਜ਼ਾਂ ਨੂੰ ਸੋਧਣ ਲਈ ਕਿਸੇ ਮੁਹਿੰਮ ਦੀ ਅਗਵਾਈ ਹੀ ਕਰਦਾ। ਪਰ ਇਹ ਸੋਚ ਕੇ ਡੋਬੂੰ ਵੀ ਪੈਂਦੇ ਹਨ ਕਿ ਮੈਨੂੰ ਵੀ ਤੁਹਾਡੇ ਬਜ਼ੁਰਗਾਂ ਵਾਂਗੂੰ ਅੰਗ੍ਰੇਜ਼ਾਂ ਦੀਆਂ ਚਗਲ਼ਾਂ ਦੇ ਦਫ਼ਤਰਾਂ ਵਿੱਚ ਬੁਢਾਪਾ ਪੈਨਸ਼ਨ ਲੈਣ ਲਈ ਜ਼ਲੀਲ ਹੋਣਾ ਪੈਂਦਾ। ਅਸੀਂ ਕ੍ਰਾਂਤੀਕਾਰੀਆਂ ਨੇ ਅਜਿਹੇ ਮੁਲਕ ਦਾ ਸੁਪਨਾ ਤਾਂ ਨਹੀਂ ਸੀ ਲਿਆ? ਅੰਗ੍ਰੇਜ਼ਾਂ ਨੇ ਤਾਂ ਮੈਨੂੰ ਸਿਰਫ਼ ਇੱਕ ਵਾਰ ਹੀ ਮਾਰਿਆ ਸੀ, ਪਰ ਭਾਰਤੀ ਹਕੂਮਤ ਮੈਨੂੰ ਵਾਰ ਵਾਰ ਮਾਰ ਰਹੀ ਹੈ। ਜਦੋਂ ਮੇਰੇ ਗਲ਼ ਵਿੱਚ ਹਾਰ ਪਾਉਣ ਲਈ ਦੇਸ਼ਵਾਸੀਆਂ ਤੋਂ ਉਗਰਾਹੇ ਟੈਕਸ ਦਾ ਮੋਟਾ ਗੱਫਾ ਝੋਲ਼ੀ ਪਾ ਕੇ, 20-20 ਗੱਡੀਆਂ ਦੇ ਕਾਫਲੇ ਵਿੱਚ (ਜਿਸ ਵਿੱਚ ਤੇਲ ਦੀ ਥਾਂ ਗਰੀਬਾਂ ਦਾ ਨਿਚੋੜਿਆ ਹੋਇਆ ਖ਼ੂਨ ਬਲ਼ਦਾ ਹੈ) ਵਿੱਚ ਅਜੋਕੇ ਨੇਤਾ ਆਉਂਦੇ ਹਨ ਤਾਂ ਮੇਰਾ ਮਰਨ ਹੋ ਜਾਂਦਾ ਹੈ। ਮੈਂ ਬੁੱਤ ਹਾਂ, ਬੁੱਤ ਬੋਲ ਨਹੀਂ ਸਕਦਾ, ਬੁੱਤ ਕੁੱਝ ਕਰ ਨਹੀਂ ਸਕਦਾ, ਪਰ ਤੁਸੀਂ ਬੁੱਤ ਨਹੀਂ ਹੋ, ਜਿਉਂਦੀ ਜਾਨ ਹੋ, ਤੁਸੀਂ ਬੋਲ ਸਕਦੇ ਹੋ, ਬਹੁਤ ਕੁੱਝ ਕਰ ਸਕਦੇ ਹੋ। ਜਿਉਂਦੇ ਰਹਿਣ ਲਈ ਮਰ ਮਿਟਣ ਦਾ ਜਜ਼ਬਾ ਹੈ ਤੁਹਾਡੇ ਵਿੱਚ। ਫਿਰ ਤੁਹਾਨੂੰ ਕੋਣ ਰੋਕਦਾ ਹੈ, ਕੋਣ ਡਰਾਉਂਦਾ ਹੈ। ਕੀ ਤੁਹਾਨੂੰ ਖਾਕੀ ਡਰਾਉਂਦੀ ਹੈ? ਕੀ ਤੁਹਾਨੂੰ ਲੁਧਿਆਣੇ ਦੇ ਤਹਿਸੀਲਦਾਰ ਮੇਜਰ ਬੈਨੀਪਾਲ ਦੀ ਹੋਣੀ ਡਰਾਉਂਦੀ ਹੈ? ਕੀ ਤੁਹਾਨੂੰ ਸਿੱਖਿਆ ਮਹਿਕਮੇ ਦੇ ਡੀ ਜੀ ਐਸ ਈ ਕ੍ਰਿਸ਼ਨ ਕੁਮਾਰ ਦੀ ਖੱਜਲ਼-ਖੁਆਰੀ ਡਰਾਉਂਦੀ ਹੈ? ਜਾਂ ਕੀ ਤੁਹਾਨੂੰ ਤੁਹਾਡੇ ਭਵਿੱਖ ਮੂਹਰੇ ਲੱਗਣ ਵਾਲਾ ਸਵਾਲੀਆ ਚਿੰਨ੍ਹ ਡਰਾਉਂਦਾ ਹੈ? ਫਿਰ ਤੁਸੀਂ ਚੁੱਪ ਕਿਉਂ ਹੋ। ਇਹ ਰੁਕਾਵਟਾਂ ਸਾਡੇ ਵੀ ਰਾਹਾਂ ਵਿੱਚ ਸਨ। ਅਸੀਂ ਪ੍ਰਵਾਹ ਨਹੀਂ ਕੀਤੀ। ਸਾਡੇ ਮਨਾਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਸੀ। ਅਪਣੇ ਲੋਕਾਂ ਲਈ ਮਰ-ਮਿਟਣ ਦਾ ਹੌਸਲਾ ਸੀ, ਅੱਤਵਾਦੀ ਅਖਵਾਉਣ ਦਾ ਭੈਅ ਸੀ, ਪਰ ਸਾਨੂੰ ਅਪਣੇ ਕਦਮਾਂ ਉੱਤੇ ਮਾਣ ਸੀ। ਜਿੰਨੇ ਕਦਮ ਚੱਲੇ ਹਾਂ, ਅਖੌਤੀ ਰੁਕਾਵਟਾਂ ਦੀ ਪ੍ਰਵਾਹ ਨਾ ਕਰਦੇ ਹੋਏ ਸ਼ਾਨ ਨਾਲ ਚੱਲੇ ਹਾਂ। ਅਸੀਂ, ਸਾਡੇ ਸਾਥੀਆਂ ਨੇ ਰੇਲਾਂ ਰੋਕ ਕੇ ਸਰਕਾਰੀ ਖਜ਼ਾਨੇ ਵੀ ਲੁੱਟੇ ਸੀ, ਪੁਲਿਸ ਚੌਕੀਆਂ ਵੀ ਸਾੜੀਆਂ ਸੀ, ਦੇਸ਼ ਲਈ ਉਹ ਸਭ ਕੁੱਝ ਕੀਤਾ ਜੋ ਉਸ ਸਮੇਂ ਜ਼ਰੂਰਤ ਸੀ, ਕਰ ਸਕਦੇ ਸੀ। ਬਾਵਜੂਦ ਇਸ ਦੇ ਸਾਨੂੰ ਚੋਰ, ਲੁਟੇਰੇ ਜਾਂ ਡਾਕੂ ਨਹੀਂ ਕਿਹਾ ਗਿਆ। ਕਿਉਂਕਿ ਸਾਡੀਆਂ ਇਹ ਕਾਰਵਾਈਆਂ ਇੱਕ ਉਦੇਸ਼ ਦੀ ਪੂਰਤੀ ਦਾ ਜ਼ਰੂਰੀ ਅੰਗ ਸੀ। ਮੈਂ ਜਦੋਂ ਅੱਜ ਦੇ ਨੌਜਵਾਨਾਂ ਵੱਲ੍ਹ ਵੇਖਦਾ ਹਾਂ, ਤਾਂ ਦੁੱਖ ਹੁੰਦਾ ਹੈ। ਕੋਈ ਨਸ਼ਿਆਂ ਵਿੱਚ ਡੁੱਬਿਆ ਪਿਆ ਹੈ, ਕੋਈ ਮੋਬਾਇਲਾਂ ਨਾਲ ਚੁੰਬੜਿਆ ਹੋਇਆ ਹੈ, ਕੋਈ ਮਸ਼ੂਕਾਂ ਨਾਲ ਵਿਅਸਤ ਹੈ, ਕੋਈ ਮੋਟਰਸਾਇਕਲਾਂ ਦੇ ਮਾਡਲਾਂ ਵਿੱਚ ਗੁਆਚਿਆ ਪਿਆ ਹੈ ਅਤੇ ਕੋਈ ਸੁੰਨੀਆਂ ਥਾਵਾਂ ਤੇ ਕਿਸੇ ਦੀਆਂ ਵਾਲੀਆਂ, ਪਰਸ ਖੋਹਣ ਵਿੱਚ ਅਪਣੀ ਊਰਜਾ ਖਤਮ ਕਰ ਰਿਹਾ ਹੈ। ਮੈਂ ਦੁਖੀ ਹੋ ਜਾਂਦਾ ਹਾਂ, ਪਰ ਨਿਰਾਸ਼ ਨਹੀਂ ਹੁੰਦਾ। ਇਨ੍ਹਾਂ ਨੌਜਵਾਨਾਂ ਵਿੱਚ ਹੀ ਸੰਭਾਵਨਾ ਹੈ, ਇਨ੍ਹਾਂ ਨੂੰ ਤਰਾਸ਼ਣ ਦੀ ਲੋੜ ਹੈ, ਪਰ ਕੋਣ ਤਰਾਸ਼ੇ? ਮੈਂ ਤਾਂ ਭੌਤਿਕ ਰੂਪ ਵਿੱਚ ਇਸ ਦੁਨੀਆਂ ਵਿੱਚੋਂ 1931 ਵਿੱਚ ਹੀ ਖਤਮ ਹੋ ਗਿਆ ਸੀ। ਪਰ ਜੇ ਮੇਰੀਆਂ ਲਿਖੀਆਂ ਗੱਲਾਂ ਵਿੱਚੋਂ ਤੁਹਾਨੂੰ ਕੁੱਝ ਨਹੀਂ ਲੱਭਦਾ ਤਾਂ ਕਮ-ਸੇ-ਕਮ ਜੋ ਮੈਂ ਪੜ੍ਹਦਾ ਰਿਹਾ ਹਾਂ, ਉਸ ਵਿੱਚੋਂ ਹੀ ਕੋਈ ਭਗਤ ਸਿੰਘ ਲੱਭ ਲਵੋ। ਬਹੁਤ ਸਾਰੇ ਊਧਮ, ਭਗਤ, ਸਰਾਭੇ ਪੈਦਾ ਕੀਤੇ ਜਾ ਸਕਦੇ ਹਨ, ਮਾਹੌਲ ਅੱਜ ਵੀ ਉਹੀ ਹੈ, ਸਗੋਂ ਉਸ ਨਾਲੋਂ ਵੀ ਬਦਤਰ ਹੈ, ਫਿਰ ਤੁਸੀਂ ਉਡੀਕ ਕਿਸ ਚੀਜ਼ ਦੀ ਕਰ ਰਹੇ ਹੋ? ਐ ਸੁੰਨੀਆਂ ਥਾਵ੍ਹਾਂ ਤੇ 'ਔਰਤਾਂ ਦੀਆਂ ਵਾਲ਼ੀਆਂ/ਪਰਸ ਖੋਹਣ ਵਾਲੇ ਹਿੰਮਤੀ ਨੌਜਵਾਨੋ! ਐ ਨਸ਼ਿਆਂ ਵਿੱਚ ਅਪਣੇ ਆਪ ਨੂੰ ਬਰਬਾਦ ਕਰ ਲੈਣ ਵਾਲੇ ਅਣਜਾਣ ਸਾਥੀਓ! ਐ ਏ ਟੀ ਐਮ/ਬੈਂਕਾਂ ਲੁੱਟਣ ਵਾਲੇ, ਗੱਡੀਆਂ ਚੋਰੀ ਕਰਕੇ ਸਫ਼ਲਤਾ ਨਾਲ ਵੇਚਣ ਵਾਲੇ ਦੇਸ਼ ਵਾਸੀਓ! ਇਸ਼ਕ ਵਿੱਚ ਸੱਟ ਖਾ ਕੇ ਆਤਮਹੱਤਿਆ ਦੀ ਵਿਉਂਤ ਬਣਾਈ ਬੈਠੇ ਸਾਧਕੋ! ਕਰਜ਼ੇ ਦੀ ਦਲਦਲ ਵਿੱਚ ਫਸ ਕੇ ਸਲਫ਼ਾਸਾਂ ਦੇ ਭਾਅ ਪੁੱਛਣ ਵਾਲੇ ਮੇਰੇ ਅੰਗੀਓ!       ਟੈਂਕੀਆਂ ਤੇ ਚੜ੍ਹਕੇ ਖੁਦ ਨੂੰ ਸਵਾਹ ਕਰ ਲੈਣ ਵਾਲੇ ਬਾਰੂਦੋ! ਮਟਕਾ ਚੌਕਾਂ ਤੇ, ਲੰਬੀ ਦੀਆਂ ਸੜਕਾਂ ਤੇ ਡਾਂਗਾਂ ਦੇ ਤਸ਼ਦੱਦ ਸਹਾਰਨ ਵਾਲ਼ੇ ਮੇਰੇ ਵੀਰੋ ਤੇ ਭੈਣੋ! ਜੇ ਤੁਸੀਂ ਅਪਣੇ ਬਾਰੇ ਹੀ ਸੋਚਣਾ ਹੈ, ਅਪਣੇ ਆਪ ਤੱਕ ਹੀ ਸੀਮਿਤ ਰਹਿਣਾ ਹੈ, ਤਾਂ ਤੁਹਾਡਾ ਹਾਲ ਇਹੋ ਹੁੰਦਾ ਰਹੇਗਾ। ਇਸ ਤੋਂ ਵੀ ਬਦਤਰ ਹੋਵੇਗਾ। ਤੁਸੀਂ ਡਾਂਗਾਂ ਖਾਕੇ ਜੇ ਨੌਕਰੀਆਂ ਹਾਸਲ ਕਰ ਵੀ ਲਈਆਂ, ਮੰਗਾਂ ਮੰਨਵਾ ਵੀ ਲਈਆਂ ਤਾਂ ਕੀ ਤੁਸੀਂ ਸੰਤੁਸ਼ਟ ਹੋ ਜਾਵੋਗੇ? ਕੀ ਗਾਰੰਟੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਬੱਚਿਆਂ ਨਾਲ਼ ਅਜਿਹਾ ਨਹੀਂ ਹੋਵੇਗਾ? ਜੇ ਤੁਸੀਂ ਏਨੇ ਨਾਲ਼ ਹੀ ਸੰਤੁਸ਼ਟ ਹੋ ਤਾਂ ਤੁਹਾਡੇ ਵਰਗਾ ਕੋਈ ਮਤਲਬਪ੍ਰਸਤ ਨਹੀਂ ਹੋ ਸਕਦਾ।ਜਦੋਂ ਤੁਸੀਂ ਨਸ਼ਿਆਂ ਨਾਲ ਅਪਣੇ ਆਪ ਨੂੰ ਬਰਬਾਦ ਕਰ ਸਕਦੇ ਹੋ, ਖਤਮ ਕਰ ਸਕਦੇ ਹੋ ਤਾਂ ਲੋਕਾਂ ਲਈ ਮਰ ਮਿਟਣ ਵਿੱਚ ਤੁਹਾਨੂੰ ਝਿਜਕ ਨਹੀਂ ਹੋਣੀ ਚਾਹੀਦੀ। ਜੇ ਤੁਸੀਂ ਚਾਕੂ ਦੀ ਨੋਕ ਤੇ ਜਾਂ ਪਿਸਤੋਲ ਦੀ ਨੋਕ ਤੇ ਕਿਸੇ ਦੀਆਂ ਵਾਲ਼ੀਆਂ ਲੁਹਾ ਸਕਦੇ ਹੋ, ਨਕਦੀ ਖੋਹ ਸਕਦੇ ਹੋ, ਗੱਡੀਆਂ ਲੁੱਟ ਸਕਦੇ ਹੋ, ਬੈਂਕਾਂ ਲੁੱਟ ਸਕਦੇ ਹੋ, ਤਾਂ ਇਹ ਭੁੱਲ ਜਾਓ ਕਿ ਇਹ ਚਾਕੂ ਜਾਂ ਪਿਸਤੌਲ ਦੀ ਕਰਾਮਾਤ ਹੈ। ਨਹੀਂ ਇਹ ਤੁਹਾਡੀ ਹਿੰਮਤ ਹੈ, ਹੌਸਲੇ ਦਾ ਪ੍ਰਗਟਾਵਾ ਹੈ, ਬੱਸ ਦਿਸ਼ਾਹੀਣ ਹੋਕੇ ਤੁਸੀਂ ਲੱਗੇ ਹੋਏ ਹੋ। ਤੁਸੀਂ ਇਹ ਸੋਚਦੇ ਹੀ ਨਹੀਂ ਕਿ ਜੇ ਲੋਕਾਂ ਕੋਲ ਪੈਸਾ ਹੈ, ਅਮੀਰਾਂ ਕੋਲ ਪੈਸਾ ਹੈ, ਕੋਠੀਆਂ ਕਾਰਾਂ ਹਨ ਤਾਂ ਤੁਹਾਡੇ ਕੋਲ ਕਿਉਂ ਨਹੀਂ? ਕਹਿਣ ਵਾਲੇ ਕਹਿ ਦਿੰਦੇ ਹਨ ਕਿ ਮਿਹਨਤ ਕਰੋ, ਸਭ ਕੁੱਝ ਹਾਸਲ ਕਰ ਲਵੋਗੇ। ਕੀ ਮਿਹਨਤ ਦੀ ਲੁੱਟ ਕਰਨ ਵਾਲਿਆਂ ਨੂੰ ਪਾਸੇ ਕੀਤੇ ਬਗੈਰ ਇਹ ਸਭ ਕੁੱਝ ਹਾਸਲ ਹੋ ਸਕਦਾ ਹੈ? ਫਿਰ ਇਹ ਵਕਤੀ ਹੋਛਾਪਣ ਕਿਉਂ? ਇਹ ਬਦਨਾਮੀ ਖੱਟ ਕੇ ਕਲੰਕ ਲਵਾਉਣ ਵਾਲੇ ਕੰਮ ਕਿਉਂ, ਕਿਉਂ ਨਹੀਂ ਇਸ ਹੌਸਲੇ ਨੂੰ ਸਹੀ ਕੰਮਾਂ ਲਈ ਵਰਤ ਸਕਦੇ? ਜੱਗੇ ਡਾਕੂ ਦਾ ਨਾਂ ਅੱਜ ਵੀ ਪੰਜਾਬ ਦੇ ਪਿੰਡਾਂ ਵਿੱਚ ਅਦਬ ਨਾਲ ਲਿਆ ਜਾਂਦਾ ਹੈ। ਤੁਹਾਡੇ ਹੀਰੋ ਮਿੱਸ ਪੂਜਾ, ਅਮਿਤਾਬ ਬੱਚਨ, ਤੇਂਦੂਲਕਰ, ਧੋਨੀ ਨਹੀਂ, ਰਾੱਬਿਨ ਹੁਡ ਜਿਹੇ ਸਮਾਜ ਹਿਤੈਸ਼ੀ ਹੋਣੇ ਚਾਹੀਦੇ ਹਨ। ਸਾਡੇ ਜ਼ਮਾਨੇ ਵਿੱਚ (ਆਜ਼ਾਦੀ ਤੋਂ ਪਹਿਲਾਂ) ਵੀ ਲੋਕ ਚੌਕਾਂ ਤੇ ਪੁਲਿਸ ਦੀਆਂ ਲਾਠੀਆਂ ਖਾਂਦੇ ਸਨ, ਪਰ ਅੱਜ ਵਾਂਗ ਇਹ ਕਦੇ ਨਹੀਂ ਹੋਇਆ ਕਿ ਉਹ ਲਾਠੀਆਂ ਖਾਣ ਵਾਲੇ ਲੋਕ ਟੁੱਟੇ ਹੋਣ। ਹਮੇਸ਼ਾ ਲਾਠੀਆਂ ਹੀ ਟੁੱਟਦੀਆਂ ਰਹੀਆਂ ਜਾਂ ਲਾਠੀਆਂ ਮਾਰਨ ਵਾਲੀਆਂ ਬਾਹਵਾਂ ਟੁੱਟਦੀਆਂ ਰਹੀਆਂ ਹਨ, ਅੱਜ ਵਾਂਗ ਲਾਠੀਆਂ ਖਾਣ ਵਾਲਿਆਂ ਦੇ ਹੌਸਲੇ ਨਹੀਂ ਸੀ ਟੁੱਟਦੇ। ਤੁਸੀਂ ਖਟਕੜਕਲਾਂ ਆਉਂਦੇ ਹੋ, ਮੇਰਾ ਜੱਦੀ ਪੁਸ਼ਤੀ ਘਰ ਵੀ ਵੇਖਦੇ ਓਂ।ਇਹ ਘਰ 100 ਸਾਲ ਤੋਂ ਵੀ ਪੁਰਾਣਾ ਹੈ। ਪਰ ਤੁਸੀਂ ਅੱਜ ਵੀ ਅਤੇ ਅੱਜ ਤੋਂ 20 ਕੁ ਸਾਲ ਪਹਿਲਾਂ ਦੇ ਪਿੰਡਾਂ ਦੇ ਗਰੀਬ ਮਜ਼ਦੂਰਾਂ ਦੇ ਘਰ ਵੇਖੋ। ਮੇਰੇ 100 ਸਾਲ ਪੁਰਾਣੇ ਘਰ ਤੋਂ ਵੀ ਖਸਤਾ ਅਤੇ ਛੋਟੇ ਨਜ਼ਰ ਆਉਣਗੇ। ਕਹਿਣ ਦਾ ਭਾਵ ਕਿ ਜੇ ਸਾਡੇ ਕੋਲ 100 ਸਾਲ ਪਹਿਲਾਂ ਵੀ ਏਡਾ ਵੱਡਾ ਤੇ ਪੱਕਾ ਘਰ ਸੀ ਤਾਂ ਤੁਹਾਨੂੰ ਇਹ ਸਮਝਣ ਵਿੱਚ ਵੀ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਮੈਂ ਇੱਕ ਸਰਦੇ-ਪੁੱਜਦੇ ਪਰਿਵਾਰ ਦਾ ਮੁੰਡਾ ਸੀ, ਜ਼ਮੀਨਾਂ-ਜਾਇਦਾਦਾਂ ਦਾ ਮਾਲਕ ਸੀ। ਕੋਈ ਵੀ ਤੰਗੀ ਨਾ ਹੋਣ ਦੇ ਬਾਵਜੂਦ ਵੀ ਮੈਂ ਤੇ ਮੇਰੇ ਪਰਿਵਾਰ ਨੇ  ਅੰਗ੍ਰੇਜ਼ਾਂ ਵਿਰੁੱਧ ਘੋਲ਼ ਕੀਤੇ। ਤੁਸੀਂ ਤਾਂ ਤੰਗੀਆਂ-ਤੁਰਸ਼ੀਆਂ ਨਾਲ ਵੀ ਜੂਝ ਰਹੇ ਓਂ ਤੇ ਰੱਜੇ-ਪੁੱਜੇ ਵੀ ਓਂ। ਫਿਰ ਤੁਸੀਂ ਸਮਾਜ ਲਈ ਕਿਹੜਾ ਫਰਜ਼ ਅਦਾ ਕਰ ਰਹੇ ਹੋ? ਮੈਂ ਲੱਗਭਗ 1928 ਵਿੱਚ ਵਾਲ਼ ਕਟਾ ਲਏ ਸੀ, ਰੋਡਾ ਹੋਗਿਆ ਸੀ। ਪਰ ਮੈਂ ਵਾਲ਼ ਕਟਵਾਉਣ ਤੋਂ ਪਹਿਲਾਂ ਸਿੱਖ ਨਹੀਂ ਸੀ, ਤੇ ਮਗਰੋਂ ਹਿੰਦੂ ਜਾਂ ਮੁਸਲਿਮ ਨਹੀਂ ਸੀ ਹੋ ਗਿਆ। ਮੈਂ ਇਨਸਾਨ ਸੀ ਤੇ ਇਨਸਾਨੀਅਤ ਹੀ ਮੇਰਾ ਧਰਮ ਰਿਹਾ ਹੈ। ਮੈਂ ਕਦੇ ਵੀ ਕਿਸੇ ਮੰਦਿਰ, ਗੁਰੂਦੁਆਰੇ, ਮਸਜਿਦ ਵਿੱਚ ਸ਼ਰਧਾਲੂ ਬਣਕੇ ਨਹੀਂ ਸੀ ਗਿਆ। ਮੇਰੇ ਖਿਆਲ ਧਾਰਮਿਕ ਨਹੀਂ ਆਜ਼ਾਦ ਹਨ। ਮੈਂ ਨਿੱਜਵਾਦੀ ਨਹੀਂ ਭੌਤਿਕਵਾਦੀ ਹਾਂ। ਧਰਮ ਲੋਕਾਂ ਦਾ ਨਿਜੀ ਮਸਲਾ ਹੈ, ਪਰ ਮੈਂ ਦੁਨੀਆਂ ਨੂੰ ਚਲਾਉਣ ਵਾਲੀ ਕਿਸੇ ਅਦਿੱਖ ਸ਼ਕਤੀ ਨੂੰ ਨਾ ਮੰਨਣ ਵਾਲਾ ਨਾਸਤਿਕ ਹਾਂ। ਮੈਨੂੰ ਪਤਾ ਹੈ ਕਿ ਮਨੁੱਖ ਨੇ ਅਣਜਾਣਪੁਣੇ ਵਿੱਚ ਅਤੇ ਸੋੜੇ ਹਿੱਤਾਂ ਦੀ ਰਾਖੀ ਲਈ ਰੱਬ ਨੂੰ ਘੜਿਆ ਹੈ, ਰੱਬ ਨੂੰ ਮਨੁੱਖ ਨੇ ਪੈਦਾ ਕੀਤਾ ਹੈ, ਰੱਬ ਨੇ ਮਨੁੱਖ ਨੂੰ ਨਹੀਂ। ਮੈਂ ਜਾਤਾਂ-ਪਾਤਾਂ, ਧਰਮਾਂ ਤੋਂ ਉੱਤੇ ਉੱਠ ਚੁੱਕਿਆ ਹਾਂ। ਜੇਲ੍ਹ ਦੀ ਕਾਲ ਕੋਠੜੀ ਵਿੱਚ ਆਉਂਦੇ ਸਫ਼ਾਈ ਕਰਮਚਾਰੀ ਨੂੰ ਮੈਂ ਬੇਬੇ ਆਖ ਕੇ ਜਾਂ ਉਸ ਨੂੰ ਅਪਣੇ ਬਰਾਬਰ ਬਿਠਾ ਕੇ ਉਸ 'ਤੇ ਕੋਈ ਅਹਿਸਾਨ ਨਹੀਂ ਸੀ ਕੀਤਾ। ਇਹ ਉਸ ਦਾ ਸਵੈਮਾਣ ਜਗਾਇਆ ਸੀ। ਉਸ ਨੂੰ ਉਸ ਦੀ ਅਹਿਮੀਅਤ ਦਾ ਅਹਿਸਾਸ ਕਰਵਾਇਆ ਸੀ, ਉਸ ਨੂੰ ਨਮੋਸ਼ੀ ਦੀ ਦਲਦਲ ਵਿੱਚੋਂ ਕੱਢਣ ਵਿੱਚ ਮੈਂ ਸਫ਼ਲ ਹੋਇਆ ਸੀ। ਮੇਰੇ ਲਈ ਸਭ ਬਰਾਬਰ ਹਨ। ਤੁਸੀਂ ਮੇਰੇ ਵਰਗੀਆਂ ਪੱਗਾਂ ਬੰਨ੍ਹ ਕੇ ਭਗਤ ਸਿੰਘ ਬਣਨ ਦਾ ਭਰਮ ਪਾਲ਼ ਲੈਂਦੇ ਹੋ। ਕੀ ਤੁਸੀਂ ਕਦੇ ਬੱਸ ਵਿੱਚ ਚੜ੍ਹੇ ਕਿਸੇ "ਭਈਏ" ਨਾਲ਼ ਬਦਤਮੀਜੀ ਕਰਦੇ ਕੰਡਕਟਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਨਸਲੀ ਵਿਤਕਰਾ ਪੰਜਾਬ ਵਿੱਚ ਤੁਹਾਡੀਆਂ ਅੱਖਾਂ ਸਾਹਮਣੇ ਇਨ੍ਹਾਂ ਮਿਹਨਤ ਕਰਨ ਵਾਲਿਆਂ ਨਾਲ ਹੁੰਦਾ ਹੈ। ਇਹ ਮਿਹਨਤਕਸ਼ ਕਿਸੇ ਦਾ ਕੀ ਖੋਂਹਦੇ ਹਨ? ਜਦੋਂ 2010 ਵਿੱਚ ਲੁਧਿਆਣੇ ਵਿੱਚ ਭਈਆਂ ਨਾਲ ਲੁੱਟ-ਖੋਹ ਦੀਆਂ ਵਾਰਦਾਤਾਂ ਵਧ ਗਈਆਂ, ਪੁਲਿਸ ਕਾਰਵਾਈ ਕਰਨ ਤੋਂ ਟਾਲ਼ਾ ਵੱਟਦੀ ਰਹੀ ਤਾਂ ਹਾਰਕੇ ਉਨ੍ਹਾਂ ਨੂੰ ਕਾਨੂੰਨ ਹੱਥ ਵਿੱਚ ਲੈਣਾ ਪਿਆ, ਬੰਦ ਦਾ ਸੱਦਾ ਦੇਣਾ ਪਿਆ। ਤੁਹਾਨੂੰ ਇਨ੍ਹਾਂ ਮਿਹਨਤਕਸ਼ਾਂ ਦੇ ਨਾਲ ਖੜਨਾ ਚਾਹੀਦਾ ਸੀ, ਤੇ ਤੁਸੀਂ ਖੜ੍ਹੇ ਵੀ ਹੋਵੋਂਗੇ। ਪਰ ਕੀ ਤੁਸੀਂ ਇਹ ਨਹੀਂ ਵੇਖਿਆ ਕਿ ਇਨ੍ਹਾਂ ਹੱਕੀ ਮੰਗਾਂ ਦੇ ਵਿਰੋਧ ਵਿੱਚ ਖੜ੍ਹਨ ਵਾਲੇ ਕੋਣ ਸਨ? ਇਹ ਉਹ ਲੋਕ ਸਨ ਜੋ ਇਨ੍ਹਾਂ ਮਜ਼ਦੂਰਾਂ ਦੇ ਜ਼ਰਦਾ ਖਾਣ ਤੇ ਨਫ਼ਰਤ ਦਾ ਦਿਖਾਵਾ ਕਰਦੇ ਨੇ ਤੇ ਖੁਦ ਇਨ੍ਹਾਂ ਦੇ ਚੋਲਿਆਂ 'ਚੋਂ ਜ਼ਰਦੇ ਦੀਆਂ ਪੁੜੀਆਂ ਬਰਾਮਦ ਹੁੰਦੀਆਂ ਰਹੀਆਂ ਹਨ। ਇਹ ਧਰਮ ਦੇ ਅਖੌਤੀ ਸੇਵਾਦਾਰ ਧਰਮ ਦੀ ਪ੍ਰੀਭਾਸ਼ਾ ਸੱਭੈ ਸਾਂਝੀਵਾਲ ਸਦਾਇਨ ਭੁੱਲ ਗਏ ਹਨ। ਮੈਂ ਤੁਹਾਡੇ ਨਾਲ ਗੱਲਾਂ ਹੋਰ ਵੀ ਬਹੁਤ ਕਰਨੀਆਂ ਹਨ ਤੇ ਸਮੇਂ-ਸਮੇਂ ਤੇ ਕਰਦਾ ਵੀ ਰਹਾਂਗਾ। ਪਰ ਮੈਂ ਫਿਲਹਾਲ ਏਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਅੰਗ੍ਰੇਜ਼ ਹਕੂਮਤ ਨੇ ਮੈਨੂੰ ਸਿਰਫ਼ ਇੱਕ ਵਾਰੀ ਮਾਰਿਆ ਸੀ। ਪਰ ਅੱਜ ਭਾਰਤ ਤੇ ਕਾਬਜ਼ ਪੂੰਜੀਪਤੀਆਂ ਦੀ ਧਾੜ ਵਲੋਂ ਮੈਨੂੰ ਵਾਰ ਵਾਰ ਮਾਰਿਆ ਜਾ ਰਿਹਾ ਹੈ। ਮੇਰੇ ਨਾਮ ਨੂੰ ਵਰਤਿਆ ਹੀ ਨਹੀਂ ਜਾ ਰਿਹਾ, ਪੁੜੀਆਂ ਬਣਾ ਕੇ ਵੇਚਿਆ ਵੀ ਜਾ ਰਿਹੈ। ਮੇਰੇ ਸ਼ਹੀਦੀ ਦਿਵਸ ਤੇ ਸਿਆਸੀ ਪਾਰਟੀਆਂ ਵਲੋਂ ਰੈਲੀਆਂ ਕਰਕੇ ਅਪਣੀ ਤਾਕਤ (ਲੁੱਟੇ ਹੋਏ ਧਨ ਦੇ ਭੰਡਾਰਾਂ ਦਾ) ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਵਿਰੋਧੀ ਪਾਰਟੀਆਂ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਨੇ, ਤੇ ਅਪਣੇ ਸੋਹਲੇ ਗਾਏ ਜਾਂਦੇ ਹਨ। ਮੇਰੀ ਖਿੱਚ-ਧੂਹ ਕਰਕੇ ਮੈਨੂੰ ਵੰਡਿਆ ਜਾਂਦਾ ਹੈ, ਮੇਰੇ ਤੇ ਹੱਕ ਜਤਾਇਆ ਜਾਂਦਾ ਹੈ। ਕੋਈ ਕਹਿੰਦਾ ਹੈ ਕਿ ਭਗਤ ਸਿੰਘ ਸਾਡਾ ਹੈ, ਕੋਈ ਅਪਣਾ ਹੋਣ ਦਾ ਦਾਅਵਾ ਕਰਦਾ ਹੈ। ਪਰ ਪਿਆਰੇ ਦੇਸ਼ਵਾਸੀਓ! ਮੈਂ ਇਨ੍ਹਾਂ ਵਿੱਚੋਂ ਕਿਸੇ ਦਾ ਵੀ ਨਹੀਂ। ਇਹ ਲੋਕ ਮੈਨੂੰ ਫਾਂਸੀ ਤੇ ਲਟਕਿਆ ਵੇਖਣ ਵਾਲੇ ਲੋਕ ਹਨ। ਇਨ੍ਹਾਂ ਦੀਆਂ ਲੂੰਬੜ ਚਾਲਾਂ ਤੋਂ ਬਚ ਕੇ ਰਹੋ, ਮੈਂ ਇਨ੍ਹਾਂ ਵਿੱਚੋਂ ਕਿਸੇ ਦਾ ਵੀ ਨਹੀਂ। ਮੈਂ ਭੱਠੇ ਤੇ ਇੱਟਾਂ ਪੱਥਦੀਆਂ ਮਜ਼ਦੂਰਨਾਂ ਦਾ ਭਰਾ ਹਾਂ। ਬੈਂਕਾਂ ਮੂਹਰੇ ਪੈਨਸ਼ਨਾਂ ਲੈਣ ਲਈ ਧੁੱਪੇ ਸੜ ਰਹੇ ਬੇਹੋਸ਼ ਹੋਕੇ ਡਿੱਗਣ ਵਾਲੇ ਬਜ਼ੁਰਗਾਂ ਦਾ ਪੁੱਤ ਹਾਂ ਮੈਂ। ਸਰਕਾਰੀ ਸਕੂਲਾਂ ਵਿੱਚ ਬਿਨਾਂ ਅਧਿਆਪਕਾਂ ਤੋਂ ਪੜ੍ਹ ਰਹੇ ਵਿਦਿਆਰਥੀਆਂ ਦਾ ਭਵਿੱਖ ਹਾਂ ਮੈਂ। ਮੰਦਬੁੱਧੀ ਔਰਤ (ਜਿਸਨੂੰ ਗਰਭਵਤੀ ਕਰਨ ਵਾਲਿਆਂ ਦੀ ਗਿਣਤੀ ਨਹੀਂ) ਦੀ ਕੁੱਖੋਂ ਜੰਮਣ ਵਾਲਾ ਲਾਲ ਹਾਂ ਮੈਂ। ਮੈਂ ਕੁਰਸੀ ਥੱਲਿਓਂ ਫੜਾਏ ਜਾਂਦੇ ਗਾਂਧੀ ਵਾਲੇ ਨੋਟਾਂ ਓਹਲੇ ਲੁਕਿਆ ਸੁਆਰਥ ਨਹੀਂ ਹਾਂ। ਮੈਂ ਮਜ਼ਦੂਰ ਦੇ ਪਸੀਨੇ ਵਿੱਚੋਂ ਆਉਣ ਵਾਲੀ ਮਹਿਕ ਵੰਡਣ ਵਾਲੀ ਪੌਣ ਹਾਂ। ਮਰੀ ਹੋਈ ਮਾਂ ਦੀਆਂ ਛਾਤੀਆਂ ਨਾਲ ਚਿੰਬੜਿਆ ਮਾਸੂਮ ਜੁਆਕ ਹਾਂ ਮੈਂ। ਕਿਤੇ ਮੈਂ ਸਰਕਾਰੀ ਡਾਂਗਾਂ ਖਾ ਰਿਹਾ ਹਾਂ, ਕਿਤੇ ਮੈਂ ਏ ਟੀ ਐਮ ਤੋੜ ਰਿਹਾ ਹਾਂ, ਕਿਤੇ ਮੋਬਾਇਲ ਨਾਲ ਚਿੰਬੜਿਆ ਪਿਆ ਹਾਂ। ਬੱਸ ਮੈਨੂੰ ਆਹ ਵਰਤਣ ਵਾਲੇ ਹੀ ਨਹੀਂ ਚਾਹੁੰਦੇ ਕਿ ਮੈਂ ਤੁਹਾਡੇ ਵਿੱਚੋਂ ਪੈਦਾ ਹੋਵਾਂ। ਮੈਂ ਜਦੋਂ ਸਿਰ ਚੁੱਕਣ ਲੱਗਦਾ ਹਾਂ, ਫੇਹ ਦਿੱਤਾ ਜਾਂਦਾ ਹੈ, ਕਦੇ ਨਸ਼ਿਆਂ ਨਾਲ, ਕਦੇ ਲਾਰਿਆਂ ਨਾਲ ਤੇ ਕਦੇ ਡਾਂਗਾਂ ਨਾਲ। ਪਰ ਮੈਂ ਮਰਿਆ ਨਹੀਂ। ਉਹ ਗੱਲ ਵੱਖਰੀ ਐ ਕਿ ਮੈਨੂੰ ਮਾਰਨ ਵਾਲੇ ਮੁੜ ਮੁੜ ਪੈਦਾ ਹੋ ਰਹੇ ਹਨ। ਮੈਂ ਮਰਿਆ ਨਹੀਂ, ਤੁਹਾਡੇ ਸਾਹਾਂ ਵਿੱਚ ਸਾਹ ਲੈ ਰਿਹਾ ਹਾਂ। ਮੇਰਾ ਸਿਰਫ਼ ਰੂਪ ਹੀ ਬਦਲਿਆ ਹੈ। ਜੇ ਭਗਤ ਸਿੰਘ ਦਾ ਰੂਪ ਬਦਲਿਆ ਹੈ ਤਾਂ ਗੋਰਿਆਂ ਦਾ ਵੀ ਸਿਰਫ਼ ਰੰਗ ਹੀ ਬਦਲਿਆ ਹੈ। ਸਾਂਡਰਸ ਤੇ ਓਡਵਾਇਰ ਏਥੇ ਹੀ ਫਿਰਦੇ ਨੇ, ਪਰ ਅਜੇ ਤੁਸੀਂ ਪਛਾਣ ਨਹੀਂ ਰਹੇ। ਅਜੇ ਤੁਸੀਂ ਭਟਕ ਰਹੇ ਹੋ, ਕੋਹਲੂ ਦੇ ਬਲ਼ਦ ਵਾਂਗੂੰ ਨਪੀੜੇ ਜਾ ਰਹੇ ਹੋ, ਤੁਹਾਨੂੰ ਭਵਿੱਖ ਦੇ ਸੁਨਹਿਰੀ ਸੁਪਨੇ ਵਿਖਾ ਕੇ ਤੁਹਾਡਾ ਵਰਤਮਾਨ ਨਿਪੁੰਸਕ ਕੀਤਾ ਜਾ ਰਿਹਾ ਏ। ਇਹ ਨਾ ਸੋਚੋ ਕਿ ਤੁਹਾਡੇ ਕੋਲ ਸਮਾਂ ਨਹੀਂ ਹੈ, ਇਹ ਸੋਚੋ ਕਿ ਤੁਹਾਡੇ ਕੋਲ ਸਮਾਂ ਰਹਿਣ ਨਹੀਂ ਦਿੱਤਾ ਗਿਆ। ਕਿਸ ਨੇ ਤੁਹਾਡੇ ਸੁੱਖ ਆਰਾਮ ਨੂੰ ਖੋਹਿਆ ਹੈ ਇਹ ਸੋਚੋ। ਸੋਚਿਆ ਕਰੋ, ਐ ਮੇਰੇ ਲੋਕੋ ਸੋਚਿਆ ਕਰੋ, ਹੋ ਸਕਦੈ ਮੈਂ ਤੁਹਾਡੇ ਅੰਦਰ ਹੀ ਕਿਸੇ ਮੋਈ ਹੋਈ ਰੀਝ ਥੱਲੇ ਦੱਬਿਆ ਹੋਵਾਂ।........ਸੁਰਜੀਤ ਗੱਗ 


Popular posts from this blog

ਸੇਜਲ ਅੱਖਾਂ ਨਾਲ ਗ੍ਰੰਥੀ ਬਾਬਾ ਗੁਰਮੀਤ ਸਿੰਘ ਦੀ ਪਿੰਡ ਵਿੱਚੋਂ ਵਿਦਾਈ

ਪਿੰਡ ਦੇ ਲੋਕ ਸਵੇਰ ਤੋਂ ਹੀ ਬਾਬਾ ਗੁਰਮੀਤ ਸਿੰਘ ਨੂੰ ਮਿਲਣ ਵਾਸਤੇ ਆਉਂਦੇ ਰਹੇ  20-03-2003 ਤੋਂ ਗਰੰਥੀ ਸੇਵਾਦਾਰ ਦੀ ਸੇਵਾ ਨਿਭਾ ਰਹੇ ਸਨ | ਲਗਭਗ 11  ਸਾਲ ਸਭ  ਤੋਂ  ਵੱਧ ਸਮਾਂ ਸੇਵਾ ਨਿਭਾਈ  ਲਖਵੀਰ ਸਿੰਘ / 1 ਜੁਲਾਈ / ਅੱਜ ਪਿਛਲੇ ਇੱਕ ਮਹੀਨੇ ਤੋਂ ਚੱਲ ਰਿਹਾ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਗ੍ਰੰਥੀ ਸੇਵਾਦਾਰ ਬਾਬਾ ਗੁਰਮੀਤ ਸਿੰਘ ਵਿਚਾਲੇ ਵਿਵਾਦ ਬਾਬਾ ਗੁਰਮੀਤ ਸਿੰਘ ਦੀ ਵਿਦਾਈ ਨਾਲ ਸਿਰੇ ਲੱਗਾ | ਇਹ ਵਿਵਾਦ ਪ੍ਰਬੰਧਕ ਕਮੇਟੀ ਦੇ ਕੁਝ ਫੈਸਲਿਆ ਨੂੰ ਲੈ ਕੇ ਉਠਿਆ ਸੀ | ਜਿਸ ਤੇ ਗਰੰਥੀ ਸੇਵਾਦਾਰ ਨੇ ਕਿੰਤੂ ਕੀਤਾ ਸੀ , ਇੱਕ ਮਹੀਨਾ ਪਹਿਲਾਂ ਬਾਬਾ ਗੁਰਮੀਤ ਸਿੰਘ ਨੇ ਕਮੇਟੀ ਨੂੰ  ਅਪੀਲ ਕੀਤੀ ਸੀ ਕਿ ਕਮੇਟੀ ਆਪਣਾ ਇੱਕ ਮਤਾ ਲਾਗੂ ਨਾਂ ਕਰੇ ਜਿਸ ਨਾਲ ਉਹਨਾ ਦਾ ਗੁਜਾਰਾ ਪ੍ਰਭਾਵਤ ਹੁੰਦਾ ਹੈ , ਇਸ ਮੁੱਦੇ ਤੇ ਇਸ ਮਹੀਨੇ ਦੀ ਸੰਗਰਾਂਦ ਨੂੰ ਪਿੰਡ ਦੇ ਵੱਖ ਵੱਖ ਧੜਿਆਂ ਵਿੱਚ ਤਕਰਾਰ ਬਾਜੀ ਵੀ ਹੋਈ ਸੀ , ਅਗਲੇ ਦਿਨ ਪੰਚਾਇਤ ਤੇ ਪਿੰਡ ਵਾਸੀਆਂ ਅਤੇ ਕਮੇਟੀ ਦੀ ਭਰਵੀ ਸਭਾ ਗੁਰੂਦਵਾਰਾ ਸਾਹਿਬ ਵਿੱਚ ਕੀਤੀ ਗਈ ਸੀ , ਪਿੰਡ ਦੇ ਜਿਆਦਾ ਤਰ ਲੋਕ ਉਸ ਦਿਨ ਬਾਬਾ ਗੁਰਮੀਤ ਸਿੰਘ ਦੇ ਹੱਕ ਵਿੱਚ ਬੋਲੇ ਸਨ ਜਿਸ ਨਾਲ ਇੱਕ ਵੱਡਾ ਵਿਵਾਦ ਸਾਹਮਣੇ ਆ ਗਿਆ ਸੀ | ਪ੍ਰਬੰਧਕ ਕਮੇਟੀ ਮੈਂਬਰਾਂ ਨੇ ਲੋਕਾਂ ਦਾ ਵਤੀਰਾ ਵੇਖਦੇ ਹੋਏ ਸਮੂਹਿਕ ਰੂਪ ਵਿੱਚ ਅਸਤੀਫਾ ਸਰਪੰਚ ਸ੍ਰ. ਇਕਬਾਲ ਸਿੰਘ ਨੂੰ ਸੌੰਪ ਦਿੱਤਾ ਸੀ ...

ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ : ਗੁਰਲਾਲ ਸਿੰਘ ਕਾਉਣੀ

ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ।ਸਮਾਂ ਬੜਾ ਬਲਵਾਨ ਏ ਤੇ ਲੋਕ ਸਮੇਂ ਦੀਆਂ ਸੂਈਆਂ ਤੇ ਬੈਠੇ ਘੁੰਮੀ ਜਾਂਦੇ ਆ।ਕੱਲ੍ਹ ਕਾਉਣੀ ਚ ਲਗਾਤਾਰ ਪੰਜਵੀਂ ਮੌਤ ਹੋਈ ਤੇ ਲਗਾਤਾਰ ਹੀ ਅੱਜ ਤੀਜਾ ਦਿਨ ਏ ਕਿ ਡੀ.ਜੇ.ਤੇ ਚੱਕਵੇਂ ਗੀਤ ਵੱਜ ਰਹੇ ਆ।ਕਿੰਨਾਂ ਮਾਹੌਲ ਬਦਲ ਗਿਆ,ਸੁਣਿਆ ਸੀ ਕਿ ਪਹਿਲਾਂ ਪਿੰਡ ਚ ਮਰੇ ਦਾ ਮਹੀਨਿਆਂ ਤੱਕ ਸੋਗ ਚਲਦਾ ਸੀ,ਤੇ ਅੱਜ ਸਿਰਫ ਕੁੱਝ ਕੁ ਘੰਟੇ।ਲੋਕ ਇੰਨੇਂ ਅਗਾਂਹਵਧੂ ਹੋ ਗਏ ਯਕੀਨ ਨਹੀਂ ਹੁੰਦਾ।ਪਰ ਰਾਜਨੀਤਿਕਾਂ ਦੀ ਚਾਪਲੂਸੀ ਕਰਨ ਵੇਲੇ ਲੱਗਦਾ ਕਿ ਨਹੀਂ ਲੋਕ ਸਮੇਂ ਦੀ ਚਾਲ ਨਾਲ ਨਹੀਂ ਬਦਲੇ,ਮਾਨਸਿਕਤਾ ਹੀ ਛੋਟੀ ਹੋਈ ਪਈ ਏ।ਵਰਨਾ ਕਿਸੇ ਸ਼ਰੀਕ ਦੇ ਬਲਦੇ ਸਿਵੇ ਲਾਗੇ ਢੋਲ ਕੋਈ ਬੇ-ਗੈਰਤ ਹੀ ਵਜਾ ਸਕਦਾ।ਮੰਨਦੇ ਆਂ ਕਿ ਸਮੇਂ ਅੱਗੇ ਕਿਸੇ ਦੀ ਨਹੀਂ ਚਲਦੀ,ਪਰ ਇਨਸਾਨੀ ਕਦਰਾਂ-ਕੀਮਤਾਂ ਤੇ ਆਪਸੀ ਵਿਸ਼ਵਾਸ ਨੂੰ ਕਾਇਮ ਜਰੂਰ ਰੱਖਿਆ ਜਾ ਸਕਦਾ।ਇਹੀ ਛੋਟੀਆਂ-ਛੋਟੀਆਂ ਗੱਲਾਂ ਉਹਨਾਂ ਮਸਲਿਆਂ ਦਾ ਹੱਲ ਨੇ ਜਿੰਨ੍ਹਾਂ ਨੂੰ ਸੁਲਝਾਉਣ ਲਈ ਅਸੀਂ ਅਣਖਾਂ ਗਹਿਣੇ ਰੱਖ ਕੇ ਲੀਡਰਾਂ ਦੇ ਤਲੇ ਚੱਟਦੇ ਆਂ। ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾਂ ਵੀ ਤੁਰ ਜਾਣਾ। ਮਿੱਟੀਏ,ਵਾ ਲੱਗਿਆਂ ਉੱਡ ਜਾਣਾ।ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ।ਸਮਾਂ ਬੜਾ ਬਲਵਾਨ ਏ ਤੇ ਲੋਕ ਸਮੇਂ ਦੀਆਂ ਸੂਈਆਂ ਤੇ ਬੈਠੇ ਘੁੰਮੀ ਜਾਂਦੇ ਆ।ਕੱਲ੍ਹ ਕਾਉਣੀ ਚ ਲਗਾਤਾਰ ਪੰਜਵੀਂ ਮੌਤ ਹੋਈ ਤੇ ਲਗਾਤਾਰ ਹੀ ਅੱਜ ਤੀਜਾ ਦਿਨ ਏ...

ਸ਼ਹੀਦਾਂ ਦਾ ਸਨਮਾਨ ਕਰਨਾ ਭੁੱਲੇ ਅੰਨਾ ਹਜ਼ਾਰੇ

ਕਪੂਰਥਲਾ- ਅੰਨਾ ਹਜ਼ਾਰੇ ਆਪਣੀ ਪੰਜਾਬ ਫੇਰੀ 'ਤੇ ਹਨ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਅੰਮ੍ਰਿਤਸਰ 'ਚ ਜਲਿਆਂਵਾਲਾ ਬਾਗ 'ਚ ਸ਼ਹੀਦੀ ਸਮਾਰਕ 'ਤੇ ਜਾ ਕੇ ਆਪਣੀ ਜਨਤੰਤਰ ਯਾਤਰਾ ਦੀ ਸ਼ੁਰੂਆਤ ਕੀਤੀ, ਉਥੇ ਐਤਵਾਰ ਨੂੰ ਜਦੋਂ ਉਹ ਕਪੂਰਥਲਾ ਪਹੁੰਚੇ ਤਾਂ ਲੋਕਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਕਪੂਰਥਲਾ 'ਚ ਅੰਨਾ ਹਜ਼ਾਰੇ ਦੀ ਰੈਲੀ ਦਾ ਆਯੋਜਨ ਸ਼ਹੀਦ ਭਗਤ ਸਿੰਘ ਕਲੱਬ ਨੇ ਕਪੂਰਥਲਾ ਦੇ ਸ਼ਹੀਦ ਭਗਤ ਸਿੰਘ ਚੌਕ 'ਚ ਕੀਤਾ ਜਿੱਥੇ ਭਗਤ ਸਿੰਘ ਦਾ ਇਕ ਬੁੱਤ ਵੀ ਬਣਾਇਆ ਗਿਆ ਹੈ। ਕਲੱਬ ਮੈਂਬਰਾਂ ਨੂੰ ਉਮੀਦ ਸੀ ਕਿ ਅੰਨਾ ਹਜ਼ਾਰੇ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਸਨਮਾਨ ਦੇਣ ਲਈ ਫੁੱਲ ਮਾਲਾ ਭੇਂਟ ਕਰਨਗੇ ਪਰ ਸ਼ਹੀਦਾਂ ਦੇ ਨਾਂ 'ਤੇ ਜਨਤੰਤਰ ਯਾਤਰਾ ਸ਼ੁਰੂ ਕਰਨ ਵਾਲੇ ਅੰਨਾ ਹਜ਼ਾਰੇ ਅਤੇ ਉਨ੍ਹਾਂ ਦੇ ਸਾਥੀ ਜਨਰਲ ਵੀ. ਕੇ. ਸਿੰਘ ਕੁਝ ਕਿਲੋਮੀਟਰ ਆਉਂਦੇ ਹੀ ਸ਼ਹੀਦਾਂ ਨੂੰ ਸਨਮਾਨ ਦੇਣਾ ਭੁੱਲ ਗਏ ਅਤੇ ਉਕਤ ਬੁੱਤ 'ਤੇ ਮਾਲਾ ਭੇਂਟ ਕਰਨ ਲਈ ਆਪਣੀ ਵਿਸ਼ੇਸ਼ ਕਿਸਮ ਦੀ ਜਨਤੰਤਰ ਯਾਤਰਾ ਗੱਡੀ ਤੋਂ ਹੇਠਾਂ ਤੱਕ ਨਹੀਂ ਉਤਰੇ ਪਰ ਆਪਣੇ ਭਾਸ਼ਣ 'ਚ ਜ਼ੋਰ-ਸ਼ੋਰ ਨਾਲ ਸ਼ਹੀਦਾਂ ਦਾ ਅਤੇ ਖਾਸ ਤੌਰ 'ਤੇ ਭਗਤ ਸਿੰਘ ਦਾ ਗੁਣਗਾਣ ਕਰਦੇ ਰਹੇ।  ਦੂਜੇ ਪਾਸੇ ਜਿੱਥੇ ਅੰਨਾ ਹਜ਼ਾਰੇ ਦੀ ਰੈਲੀ ਚੱਲ ਰਹੀ ਸੀ ਉਸੇ ਪਾਸੇ ਲਗਭਗ 10 ਫੁੱਟ ਦੀ ਦੂਰੀ 'ਤੇ ਸ਼ਰਾਬ ਦਾ ਠੇਕਾ ਚੱਲ ਰਿਹਾ ਸੀ ਅਤੇ ਲੋਕ ਬੜੇ ਮਜ਼ੇ ਨਾਲ ਉ...