ਸਾਡਾ ਭਗਤ ਸਿੰਘ
ਨਹੀਂ
ਅਸੀਂ ਭੀੜ ਨਹੀਂ ਬਣਨਾ ਭਗਤ ਸਿਆਂ
23 ਮਾਰਚ ਨੂੰ
ਤੇਰੇ ਨਾਂ ਦਾ
ਨਾਹਰਾ ਵੀ ਨਹੀਂ ਲਾਉਣਾ।
ਤੇਰੀ 23 ਮਾਰਚ ਤਾਂ
ਅਗਵਾ ਕਰ ਲਈ ਹੈ
ਚੌਧਰ ਦੇ ਭੁੱਖਿਆਂ ਨੇ
ਲੁੱਟ ਦਿਆਂ ਮਾਸੜਾਂ ਨੇ
ਸਾਡੀ 23 ਮਾਰਚ ਤਾਂ
ਸਾਰਾ ਸਾਲ
ਸਾਡੇ ਨਾਲ ਹੀ ਚੱਲਦੀ ਹੈ
ਤੇ ਸਾਡੇ ਨਾਲ ਹੀ ਚੱਲਣੀ ਹੈ।
ਤੇਰੀ ਸੋਚ ਨੂੰ ਪ੍ਰਣਾਇਆਂ ਕੋਲ
ਸਮਾਂ ਹੀ ਕਿੱਥੇ ਹੈ
ਤੇਰੇ ਸੋਹਿਲੇ ਗਾਉਣ ਦਾ
ਤੇਰੇ ਕਸੀਦੇ ਪੜ੍ਹਨ ਦਾ।
ਉਹ ਤਾਂ ਨਿਕਲ ਚੁੱਕੇ ਨੇ ਘਰੋਂ
ਪੈਰਾਂ ਵਿੱਚ ਸਫ਼ਰ ਬੰਨ੍ਹ ਕੇ
ਮੱਥੇ ਵਿੱਚ ਸੂਰਜ ਲੈ ਕੇ
ਅੱਖਾਂ ਵਿੱਚ ਸੁਪਨੇ ਸਜਾ ਕੇ
ਪਿੱਠ ਤੇ ਇਤਿਹਾਸ ਲੱਦ ਕੇ।
ਉਹ ਤਾਂ ਨਿਕਲ ਚੁੱਕੇ ਨੇ
ਜਿੰਦਾਬਾਦ/ਮੁਰਦਾਬਾਦ ਤੋਂ ਵੀ ਅਗਾਂਹ
ਲੜ ਰਹੇ ਨੇ
ਜੂਝ ਰਹੇ ਨੇ
ਨਿਹੱਥਿਆਂ ਨੇ
ਹਥਿਆਰਾਂ ਨੂੰ ਲਲਕਾਰਾ ਮਾਰਿਆ ਹੈ
ਹਿੱਕਾਂ ਠੋਕ ਕੇ ਕਹਿੰਦੇ ਨੇ
ਸਾਨੂੰ ਸਮਾਜਵਾਦ ਤੋਂ ਉਰ੍ਹਾਂ
ਕੁੱਝ ਵੀ ਮਨਜ਼ੂਰ ਨਹੀਂ
ਮੁਫ਼ਤ ਬਿਜਲੀ
ਮੁਫ਼ਤ ਪਾਣੀ ਦੀ ਖ਼ੈਰਾਤ
ਕੁੱਝ ਵੀ ਨਹੀਂ
ਅਸੀਂ ਇਨ੍ਹਾਂ ਦੀ ਕੀਮਤ ਤਾਰਾਂਗੇ।
ਸਾਡੀਆਂ ਜਾਨਾਂ
ਭੰਗ ਦੇ ਭਾੜੇ ਨਹੀਂ ਜਾਣੀਆਂ
ਅਸੀਂ ਫੱਟ ਭਰ ਜਾਣ ਦਾ
ਇੰਤਜ਼ਾਰ ਨਹੀਂ ਕਰ ਸਕਦੇ
ਸਾਡੇ ਕਰਨ ਵਾਲੇ
ਅਜੇ ਬੜੇ ਕੰਮ ਪਏ ਨੇ
ਅਜੇ ਤਾਂ ਅਸੀਂ
ਘਰਾਂ ਨੂੰ ਵੀ ਪਰਤਣਾ ਹੈ।
ਇਹ ਸਾਡਾ ਭਗਤ ਸਿੰਘ ਨਹੀਂ
ਜੋ ਫੁੱਲਾਂ ਦੇ ਹਾਰ ਪੁਆ ਰਿਹਾ ਹੈ
ਕਿਤੇ ਟੋਪੀ
ਤੇ ਕਿਤੇ ਪੱਗੜੀ ਵਿੱਚ
ਉਲਝ ਗਿਆ ਹੈ
ਇਹ ਸਾਡਾ ਭਗਤ ਸਿੰਘ ਨਹੀਂ।
ਸਾਡਾ ਭਗਤ ਸਿੰਘ ਤਾਂ
ਅਜੇ ਵੀ ਝੂਲ ਰਿਹਾ ਹੈ
ਫਾਂਸੀ ਦੇ ਫੰਦੇ ਤੇ
ਅਜੇ ਵੀ ਬੈਠਾ ਹੈ
ਕਿਸੇ ਭੁੱਖ ਹੜਤਾਲ ਤੇ
ਅਜੇ ਵੀ ਸਹਿ ਰਿਹਾ ਹੈ
ਪੁਲਸੀਆ ਜ਼ਬਰ
ਅਜੇ ਵੀ ਲੜ ਰਿਹਾ ਹੈ
ਲੁੱਟ ਦੇ ਵਿਰੁੱਧ
ਅਜੇ ਵੀ ਪੜ੍ਹ ਰਿਹਾ ਹੈ
ਲੈਨਿਨ ਦੀ ਕਿਤਾਬ।
ਸਾਡਾ ਭਗਤ ਸਿੰਘ
ਸਾਡੇ ਅੰਗ ਸੰਗ ਹੀ ਹੈ
ਉਹ ਜੋ 23 ਮਾਰਚ
ਅਤੇ 28 ਸਤੰਬਰ ਨੂੰ ਲੱਭਦਾ ਹੈ
ਉਹ ਸਾਡਾ ਭਗਤ ਸਿੰਘ ਨਹੀਂ
ਸਾਡਾ ਭਗਤ ਸਿੰਘ ਤਾਂ
ਸਾਡਾ ਹੀ ਭਗਤ ਸਿੰਘ ਹੈ।