‘ਚਗਲਕਾਰਾਂ’ ਖਿਲਾਫ ਕਾਨੂੰਨੀ ਕਾਰਵਾਈ ਮਾਂ ਬੋਲੀ ਦੀਆਂ ਮੀਢੀਆਂ ਮੁੜ ਗੁੰਦਣ ਵਰਗਾ ਉੱਦਮ।
ਕੀ ਦਰਜ ਪਰਚੇ ਵੀ ਬੋਤੇ ਦਾ ਬੁੱਲ੍ਹ ਤਾਂ ਨਹੀਂ ਸਾਬਤ ਹੋਣਗੇ?
ਚੰਡੀਗੜ੍ਹ- ਪੰਜਾਬੀ ਗਾਇਕੀ ਦੀ ਸੇਵਾ ਦੇ ਨਾਂ ‘ਤੇ “ਤੇਰੀ ਪੱਚੀਆਂ ਪਿੰਡਾਂ ਨੇ….”, “ਮੈਂ ਬਲਾਤਕਾਰੀ ਹੂੰ” ਸਮੇਤ ਹੋਰ ਵੀ ਕਾਫੀ ਗੰਦਮੰਦ ਨੂੰ ਆਵਦੇ ਸੰਗੀਤ ‘ਚ ਲਪੇਟ ਕੇ ਪੰਜਾਬ ਦੀ ਨੌਜਵਾਨੀ ਅੱਗੇ ਪਰੋਸਣ ਵਾਲੇ ‘ਯੋ ਯੋ’ ਲਈ ਆਉਣ ਵਾਲਾ ਸਮਾਂ ਕੁਝ ਮੁਸ਼ਕਿਲਾਂ ਭਰਿਆ ਜਾਪ ਰਿਹਾ ਹੈ। ਕਿਉਂਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਪਾਈ ਗਈ ਝਾੜ ਤੋਂ ਬਾਅਦ ਆਖਰਕਾਰ ਪੰਜਾਬ ਪੁਲਸ ਨੇ ਅਸ਼ਲੀਲ ਗਾਇਕ ਹਨੀ ਸਿੰਘ ਖਿਲਾਫ ਨਵਾਂ ਸ਼ਹਿਰ ਵਿਖੇ ਪਰਚਾ ਦਰਜ ਕਰ ਲਿਆ ਹੈ। ਹਨੀ ਸਿੰਘ ਦੇ ਖਿਲਾਫ ਨਵਾਂ ਸ਼ਹਿਰ ਦੇ ਸਿਟੀ ਥਾਣੇ ‘ਚ ਆਈ. ਟੀ. ਸੀ. ਦੀ ਧਾਰਾ-294 ਦੇ ਅਧੀਨ ਐੱਫ. ਆਈ. ਆਰ. ਨੰਬਰ 79 ਦਰਜ ਕੀਤੀ ਗਈ ਹੈ। ਇਹ ਸਾਰੀ ਕਾਰਵਾਈ ਨਵਾਂ ਸ਼ਹਿਰ ਦੀ ਹੈਲਪ ਨਾਮਕ ਸੰਸਥਾ ਵਲੋਂ ਹਾਈਕੋਰਟ ‘ਚ ਲਾਈ ਗਈ ਪਟੀਸ਼ਨ ਤੋਂ ਬਾਅਦ ਹੋਈ ਹੈ। ਸੰਸਥਾ ਦੇ ਮੁਖੀ ਪਰਮਿੰਦਰ ਸਿੰਘ ਚਿਤਨਾ ਨੇ ਮੰਗ ਕੀਤੀ ਹੈ ਕਿ ਹਨੀ ਸਿੰਘ ਦੇ ਖਿਲਾਫ ਇਸ ਮਾਮਲੇ ਨੂੰ ਮੁਕਾਮ ਤੱਕ ਪਹੁੰਚਾਇਆ ਜਾਣਾ ਚਾਹੀਦਾ ਹੈ ਅਤੇ ਅਜਿਹੇ ਗਾਇਕਾਂ ਦਾ ਸਮਾਜਿਕ ਤੌਰ ‘ਤੇ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ਉਧਰ ਪੁਲਸ ਦਾ ਇਸ ਮਾਮਲੇ ‘ਚ ਕਹਿਣਾ ਹੈ ਕਿ ਮਾਣਯੋਗ ਅਦਾਲਤ ਦੇ ਹੁਕਮਾਂ ਤੋਂ ਬਾਅਦ ਹਨੀ ਸਿੰਘ ਦੇ ਖਿਲਾਫ ਇਹ ਮਾਮਲਾ ਦਰਜ ਹੋਇਆ ਹੈ ਅਤੇ ਪੁਲਸ ਹੁਣ ਇਸ ਮਾਮਲੇ ‘ਤੇ ਅਗਲੀ ਕਾਰਵਾਈ ਕਰੇਗੀ। ਇਸ ਤੋਂ ਪਹਿਲਾਂ ਪਿਛਲੇ ਸਾਲ ਹਨੀ ਸਿੰਘ ਦੇ ਖਿਲਾਫ ਲਖਨਊ ਦੇ ਗੋਮਤੀ ਨਗਰ ਥਾਣੇ ‘ਚ ਆਈ. ਪੀ. ਐੱਸ. ਅਧਿਕਾਰੀ ਅਮਿਤਾਭ ਠਾਕੁਰ ਦੀ ਸ਼ਿਕਾਇਤ ‘ਤੇ ਵੀ ਹਨੀ ਸਿੰਘ ਖਿਲਾਫ ਇਕ ਐੱਫ. ਆਈ ਆਰ ਦਰਜ ਕੀਤੀ ਗਈ ਸੀ। ‘ਮੈਂ ਹੂੰ ਬਲਾਤਕਾਰੀ’ ਨਾਮਕ ਗਾਣੇ ਨੂੰ ਲੈ ਕੇ ਵਿਵਾਦ ‘ਚ ਆਏ ਹਨੀ ਸਿੰਘ ਨੂੰ ਹੁਣ ਅਸ਼ਲੀਲ ਗਾਇਕੀ ਮਹਿੰਗੀ ਪੈਂਦੀ ਜਾਪ ਰਹੀ ਹੈ। ਇਸ ਗਾਣੇ ਦੇ ਚਰਚਾ ‘ਚ ਆਉਣ ਤੋਂ ਬਾਅਦ ਹੀ ਹਨੀ ਸਿੰਘ ਦਾ ਗੁੜਗਾਓ ‘ਚ ਨਵੇਂ ਸਾਲ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਸੀ। ਹਾਈਕੋਰਟ ‘ਚ ਚੱਲ ਰਹੇ ਮਾਮਲੇ ‘ਚ ਹਨੀ ਸਿੰਘ ਨੂੰ ਅਦਾਲਤ ‘ਚ ਤਲੱਬ ਵੀ ਕੀਤਾ ਗਿਆ ਹੈ। ਹੁਣ ਦੇਖਣਾ ਇਹ ਹੈ ਕਿ ਜਿਸ ਮਾਨਯੋਗ ਅਦਾਲਤ ਨੇ ਸਰਕਾਰ ਨੂੰ ‘ਝਾੜ’ ਪਾ ਕੇ ਅਜਿਹੇ ਗਾਇਕਾਂ ਖਿਲਾਫ ਪੁਲਿਸ ਪਰਚੇ ਦਰਜ਼ ਕਰਨ ਦੀ ਮੱਤ ਦਿੱਤੀ ਹੈ, ਕੀ ਉਸੇ ਹੀ ਅਦਾਲਤ ਵਿੱਚ ਨਿਆਂ ਦੀਆਂ ਕੁਰਸੀਆਂ ‘ਤੇ ਬਿਰਾਜਮਾਨ ਜੱਜ ਸਾਹਿਬਾਨ ਇਹਨਾਂ ਕੇਸਾਂ ਨੂੰ ਵੀ ਬੋਤੇ ਦਾ ਬੁੱਲ੍ਹ ਤਾਂ ਨਹੀਂ ਬਣਾ ਦੇਣਗੇ। ਜੋ ਨਾ ਡਿੱਗੇ ਅਤੇ ਨਾ ਹੀ ਅਜਿਹੇ ‘ਕਲੰਕਾਰਾਂ’ ਖਿਲਾਫ ਕੋਈ ਕਾਰਵਾਈ ਹੋਵੇ। ਫਿਲਹਾਲ ਇਸ ਪਹਿਲਕਦਮੀ ਨੂੰ ਪੰਜਾਬੀ ਮਾਂ ਬੋਲੀ ਦੀਆਂ ਇਹਨਾਂ ਅਖੌਤੀ ਸੇਵਾਦਾਰਾਂ ਵੱਲੋਂ ਖਿਲਾਰੀਆਂ ਮੀਢੀਆਂ ਨੂੰ ਮੁੜ ਗੁੰਦਣ ਵਰਗਾ ਇਤਿਹਾਸਕ ਕਾਰਜ ਕਿਹਾ ਜਾ ਸਕਦਾ ਹੈ।