ਚਾਰ ਹਫਤੇ ਤੋਂ ਭੁੱਖ ਹੜਤਾਲ ਤੇ ਬੈਠੀ ਅਧਿਆਪਕ ਬੇਅੰਤ ਕੌਰ ਦੀ ਹਾਲਤ ਗੰਭੀਰ

ਮੰਗਾਂ ਮਨਵਾਉਣ ਲਈ ਚਾਰ ਹਫ਼ਤਿਆਂ ਤੋਂ ਮਰਨ ਵਰਤ ’ਤੇ ਬੈਠੀ ਸਪੈਸ਼ਲ ਟਰੇਨਰ ਅਧਿਆਪਕ ਬੇਅੰਤ ਕੌਰ ਦੀ ਹਾਲਤ ਕਾਫ਼ੀ ਗੰਭੀਰ ਹੋ ਗਈ ਹੈ। ਡਾਕਟਰਾਂ ਨੇ ਪ੍ਰਸ਼ਾਸਨ ਨੂੰ ਦੱਸਿਆ ਹੈ ਕਿ ਬੇਅੰਤ ਕੌਰ ਦੇ ਗੁਰਦੇ ਕਾਫ਼ੀ ਹੱਦ ਤੱਕ ਨੁਕਸਾਨੇ ਗਏ ਹਨ ਅਤੇ ਉਸ ਨੂੰ ਕਾਲੇ ਪੀਲੀਏ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਸ ਖ਼ਬਰ ਨੇ ਪ੍ਰਸ਼ਾਸਨ ਨੂੰ ਪ੍ਰੇਸ਼ਾਨੀ ਵਿੱਚ ਪਾ ਦਿੱਤਾ ਹੈ।ਦੱਸਣਯੋਗ ਹੈ ਕਿ ਬੇਅੰਤ ਕੌਰ ਦੋ ਹਫ਼ਤੇ ਤੋਂ ਸਿਵਲ ਹਸਪਤਾਲ ਵਿੱਚ ਦਾਖਲ ਹੈ। ਬੇਅੰਤ ਕੌਰ ਦਾ ਮਰਨ ਵਰਤ ਤੁੜਵਾਉਣ ਲਈ ਡਿਪਟੀ ਕਮਿਸ਼ਨਰ ਰਵੀ ਭਗਤ ਅਤੇ ਜ਼ਿਲ੍ਹਾ ਪੁਲੀਸ ਮੁਖੀ ਸਿਵਲ ਹਸਪਤਾਲ ਗਏ। ਪ੍ਰਸ਼ਾਸਨ ਨੇ ਬੇਅੰਤ ਕੌਰ ਦਾ ਮਰਨ ਵਰਤ ਤੁੜਵਾਉਣ ਲਈ ਸਾਰੇ ਪ੍ਰਬੰਧ ਕਰ ਲਏ ਸਨ ਪਰ ਜਦੋਂ ਇਸ ਬਾਰੇ ਬੇਅੰਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਹੱਕਾਂ ਦੀ ਪ੍ਰਾਪਤੀ ਬਿਨਾਂ ਉਹ ਸਰਕਾਰ ਨਾਲ ਕੋਈ ਸਮਝੌਤਾ ਨਹੀਂ ਕਰੇਗੀ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਸ ਦੀ ਅੱਠ ਸਾਲ ਦੀ ਬੱਚੀ ਦੇ ਭਵਿੱਖ ਦਾ ਵਾਸਤਾ ਵੀ ਪਾਇਆ ਪਰ ਬੇਅੰਤ ਕੌਰ ਨੇ ਕਿਹਾ ਕਿ ਜੇਕਰ ਉਹ ਬੇਰੁਜ਼ਗਾਰ ਰਹਿੰਦੇ ਹਨ ਤਾਂ ਵੀ ਉਨ੍ਹਾਂ ਦੇ ਬੱਚੇ ਦਾ ਕੋਈ ਭਵਿੱਖ ਨਹੀਂ ਹੈ।
ਡਿਪਟੀ ਕਮਿਸ਼ਨਰ ਨੇ ਇਸ ਬਾਰੇ ਗ੍ਰਹਿ ਸਕੱਤਰ ਅਤੇ ਮੁੱਖ ਮੰਤਰੀ ਦਫ਼ਤਰ ਨਾਲ ਵੀ ਸੰਪਰਕ ਕੀਤਾ। ਮੱਖ ਮੰਤਰੀ ਦਫ਼ਤਰ ਨੇ ਸਪੈਸ਼ਲ ਟਰੇਨਰ ਅਧਿਆਪਕਾਂ ਦਾ ਮਾਮਲਾ ਸਿੱਖਿਆ ਮੰਤਰੀ ਨੂੰ ਨਜਿੱਠਣ ਲਈ ਕਿਹਾ ਹੈ। ਬੇਅੰਤ ਕੌਰ ਨਾਲ ਮੁਲਾਕਾਤ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਸਾਰੀਆਂ ਧਿਰਾਂ ਨੂੰ ਪਾਸੇ ਕਰ ਕੇ ਮਰਨ ਵਰਤ ਤੁੜਵਾਉਣਾ ਚਾਹੁੰਦੇ ਸਨ ਪਰ ਮੀਡੀਆ ਦੀ ਮੌਜੂਦਗੀ ਨੇ ਜ਼ਿਲ੍ਹਾ ਪੁਲੀਸ ਮੁਖੀ ਦੀ ਇਕ ਨਾ ਚੱਲਣ ਦਿੱਤੀ।

